ਚੰਡੀਗੜ੍ਹ: ਬੀਤੇ ਮੰਗਲਵਾਰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਨਿਵਾਸ ਸਥਾਨ ‘ਤੇ ਇੱਕ ਉੱਚ ਪੱਧਰੀ ਸੁਰੱਖਿਆ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਕਈ ਅਹਿਮ ਬਿੰਦੂਆਂ ‘ਤੇ ਚਰਚਾ ਹੋਈ। ਪੰਜਾਬ ਪੁਲਿਸ ਅਲਰਟ ਮੋਡ ‘ਤੇ ਹੈ। ਸਾਰੇ ਸੈਰ-ਸਪਾਟਾ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਥੇ ਸਿਵਲ ਅਤੇ ਵਰਦੀਧਾਰੀ ਪੁਲਿਸ ਵਾਲੇ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਪੰਜਾਬ ਤੋਂ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਸੈਰ-ਸਪਾਟੇ ਲਈ ਉੱਥੇ ਗਏ ਸਨ ਅਤੇ ਉੱਥੇ ਫਸ ਗਏ ਸਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜਤਾਂ ਨਾਲ ਪ੍ਰਗਟਾਈ ਸੰਵੇਦਨਾ
ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕਿਹਾ ਕਿ ” ਅੱਜ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਹਾਈ-ਲੈਵਲ ਸਕਿਓਰਿਟੀ ਮੀਟਿੰਗ ਕੀਤੀ। ਸੂਬੇ ‘ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅਸੀਂ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣ ਦਿਆਂਗੇ। ਸੂਬੇ ਦੇ ਸਾਰੇ ਧਾਰਮਿਕ ਸਥਾਨਾਂ ਅਤੇ ਜਨਤਕ ਸਥਾਨਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਹਨ। ਵਿਦਿਅਕ ਸੰਸਥਾਵਾਂ ਵਿੱਚ ਸੁਰੱਖਿਆ ਬਲਾਂ ਦੀ ਗਿਣਤੀ ਵਧਾ ਦਿੱਤੀ ਹੈ। ਜੋ ਪੰਜਾਬੀ ਜੰਮੂ ਕਸ਼ਮੀਰ ਵਿੱਚ ਫਸੇ ਹਨ, ਉਹਨਾਂ ਦੀ ਸੁਰੱਖਿਅਤ ਘਰ ਵਾਪਸੀ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਲਗਾਤਾਰ ਜੰਮੂ ਕਸ਼ਮੀਰ ਪੁਲਿਸ ਨਾਲ ਸੰਪਰਕ ਵਿੱਚ ਹਾਂ। ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜ਼ੀਹ ਹੈ।”
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਾਡੇ ਵੱਲੋਂ ਜਲਦੀ ਹੀ ਐਂਟੀ-ਡਰੋਨ ਸਿਸਟਮ ਸ਼ੁਰੂ ਕੀਤਾ ਜਾਵੇਗਾ। ਕਿਉਂਕਿ ਹੁਣ ਸਰਹੱਦ ਪਾਰ ਬੈਠੇ ਲੋਕਾਂ ਕੋਲ ਇੱਥੇ ਦਹਿਸ਼ਤ ਫੈਲਾਉਣ ਦਾ ਇੱਕੋ ਇੱਕ ਤਰੀਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਅੱਤਵਾਦੀ, ਗੈਂਗਸਟਰ ਅਤੇ ਤਸਕਰ ਆਪਸ ਚ ਮਿਲ ਚੁੱਕੇ ਹਨ। ਪਰ ਹਾਲ ਹੀ ਦੇ ਸਮੇਂ ਵਿੱਚ, ਨਸ਼ਿਆਂ ਵਿਰੁੱਧ ਜੰਗ ਨੇ ਨਸ਼ਾ ਤਸਕਰੀ ਨੂੰ ਨੂੰ ਕਾਫ਼ੀ ਘਟਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਤੇਜ਼ ਰਫ਼ਤਾਰ ਨਾਲ ਚੱਲੇਗੀ। ਇਸ ਵਿੱਚ ਜੋ ਵੀ ਸ਼ਾਮਲ ਹੋਵੇਗਾ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਲੋਕਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਇਜਾਜ਼ਤ ਲੈਣ ਤੋਂ ਬਾਅਦ, ਅਜਿਹੇ ਲੋਕਾਂ ਦੀ ਜਾਇਦਾਦ ‘ਤੇ ਬੁਲਡੋਜ਼ਰ ਚਲਾਇਆ ਜਾਵੇਗਾ।