ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰੇ ਸੰਗਰੂਰ ‘ਚ ਆਯੋਜਿਤ ਕੀਤੀ ਗਈ ਸਾਈਕਲ ਰੈਲੀ ਵਿਚ ਪਰਨਾ ਬੰਨ ਕੇ ਪਹੁੰਚੇ। ਉਹਨਾਂ ਰੈਲੀ ਵਿਚ ਕਿਹਾ ਕਿ ਸੰਗਰੂਰ ਵੱਲੋਂ ਸੁਨੇਹਾ ਦਿੱਤਾ ਜਾਂਦਾ ਹੈ, ਉਹ ਪੂਰੀ ਦੁਨੀਆ ਵਿਚ ਪਹੁੰਚਦਾ ਹੈ। ਭਾਵੇਂ 2014 ਦਾ ਸੁਨੇਹਾ ਹੋਵੇ, 2019 ਜਾਂ ਫਿਰ 2022 ਦਾ ਸੁਨੇਹਾ ਸਾਰੀ ਦੁਨੀਆ ਤੱਕ ਪਹੁੰਚੇ ਹਨ। ਉਹਨਾਂ ਕਿਹਾ ਕਿ ਪਹਿਲਾਂ ਨਾਅਰਾ ਹੁੰਦਾ ਸੀ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ, ਹੁਣ ਇਹ ਨਾਅਰਾ ਬਣ ਗਿਆ ਹੈ ਸਾਨੂੰ ਬੜਾ ਸਰੂਰ ਸਾਡਾ ਜ਼ਿਲ੍ਹਾ ਸੰਗਰੂਰ।
ਉਹਨਾਂ ਸਾਈਕਲ ਰੈਲੀ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ ਇਸ ਰੈਲੀ ਨਾਲ ਨਸ਼ਿਆਂ ਦੇ ਖ਼ਿਲਾਫ਼ ਲਾਮਬੰਦੀ ਨੂੰ ਬਲ ਮਿਲਿਆ ਹੈ। ਉਹਨਾਂ ਕਿਹਾ ਕਿ ਖੇਡਾਂ ਤੇ ਪੜ੍ਹਾਈ ਹੀ ਸਾਨੂੰ ਨਸ਼ਿਆਂ ਤੋਂ ਦੂਰ ਕਰ ਸਕਦੀ ਹੈ ਤੇ ਸਾਡੀ ਨੌਜਵਾਨੀ ਨੂੰ ਬਚਾ ਸਕਦੀ ਹੈ। ਉਹਨਾਂ ਕਿਹਾ ਕਿ ਪੜ੍ਹਦਾ ਪੰਜਾਬ ਦਾ ਸੁਫਨਾ ਪੂਰਾ ਕਰਨ ਲਈ ਅੱਜ ਸਾਈਕਲ ਸਵਾਰ ਪਹੁੰਚੇ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਜਿੱਥੇ ਕੋਈ ਵੀ ਬੀਜ ਬੀਜ ਦਿਓ, ਉੱਗ ਪੈਂਦੇ ਹਨ ਪਰ ਇਸ ਧਰਤੀ ’ਤੇ ਨਫ਼ਰਤ ਦਾ ਬੀਜ ਨਹੀਂ ਪੁੰਗਰ ਸਕਦਾ ਤੇ ਸਾਡੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੋਸਟ ਪਾ ਕੇ ਲਿਖਿਆ ਹੈ ਕਿ ‘ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਅਤੇ ਪੜ੍ਹਾਂਗੇ’ ਦਾ ਨਾਅਰਾ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣ ਲਈ ਸੰਗਰੂਰ ‘ਚ ਨਸ਼ਿਆਂ ਖਿਲਾਫ ਸਾਇਕਲ ਰੈਲੀ ਕੀਤੀ। 15,000 ਤੋਂ ਜ਼ਿਆਦਾ ਨੌਜਵਾਨਾਂ ਦਾ ਇਸ ਰੈਲੀ ‘ਚ ਸਾਥ ਮਿਲਿਆ …ਇਸ ਨਾਲ ਸਾਨੂੰ ਹਿੰਮਤ ਮਿਲਦੀ ਹੈ..ਨਸ਼ਿਆਂ ਨੂੰ ਖ਼ਤਮ ਕਰਨ ਤੱਕ ਤੁਹਾਡੀ ਸਰਕਾਰ ਰੁਕੇਗੀ ਨਹੀਂ..