CM ਚੰਨੀ ’ਤੇ ਕੀਤਾ ਗਿਆ ਨਿੱਜੀ ਹਮਲਾ ਭਾਜਪਾ ਤੇ ਅਕਾਲੀ ਦਲ ਨੂੰ ਪਵੇਗਾ ਭਾਰੀ : ਡਾ. ਰਾਜ ਕੁਮਾਰ ਵੇਰਕਾ

0
66

ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਕੀਤਾ ਗਿਆ ਨਿੱਜੀ ਹਮਲਾ ਭਾਜਪਾ ਅਤੇ ਅਕਾਲੀ ਦਲ ਨੂੰ ਭਾਰੀ ਪਵੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਹਾਲਾਂਕਿ ਐੱਸ. ਸੀ. ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ’ਤੇ ਈ. ਡੀ. ਦੇ ਛਾਪੇ ਮਾਰ ਕੇ ਐੱਸ. ਸੀ. ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਚੰਨੀ ਕਿਸੇ ਤੋਂ ਡਰਨ ਵਾਲੇ ਨਹੀਂ ਹਨ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਈ. ਡੀ. ਦੇ ਛਾਪੇਮਾਰੀ ਵਰਗੀ ਘਟਨਾ ਕਾਫ਼ੀ ਭਾਰੀ ਪੈਣ ਵਾਲੀ ਹੈ। ਵੋਟਾਂ ਵਾਲੇ ਦਿਨ ਸਮੁੱਚਾ ਐੱਸ. ਸੀ. ਭਾਈਚਾਰਾ ਇਕਜੁੱਟ ਹੋ ਕੇ ਭਾਜਪਾ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਵੋਟ ਪਾਵੇਗਾ ਕਿਉਂਕਿ ਇਹ ਸਾਰੀਆਂ ਪਾਰਟੀਆਂ ਮੁੱਖ ਮੰਤਰੀ ਚੰਨੀ ਦੇ ਖਿਲਾਫ ਇਕਜੁੱਟ ਹੋ ਗਈਆਂ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੰਕਟ ਦੇ ਦੌਰ ’ਚ ਪੰਜਾਬ ਦੇ ਸਾਰੇ ਕਾਂਗਰਸੀ ਨੇਤਾ ਮੁੱਖ ਮੰਤਰੀ ਚੰਨੀ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਦੇ ਵੀ ਆਮ ਆਦਮੀ ਪਾਰਟੀ ਨੂੰ ਲੈ ਕੇ ਨਵਾਂ ਪ੍ਰਯੋਗ ਨਹੀਂ ਕਰਨਗੇ। ਅਜਿਹੀਆਂ ਪਾਰਟੀਆਂ ਕੁਝ ਸਮੇਂ ਲਈ ਉੱਭਰਦੀਆਂ ਹਨ ਅਤੇ ਫਿਰ ਅਲੋਪ ਹੋ ਜਾਂਦੀਆਂ ਹਨ। ਇਸ ਲਈ ਅਜਿਹੀਆਂ ਪਾਰਟੀਆਂ ਤੋਂ ਬਚਣਾ ਜ਼ਰੂਰੀ ਹੈ।

ਇਸ ਦੇ ਨਾਲ ਹੀ ਡਾ. ਵੇਰਕਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਲੈ ਕੇ ਪੰਜਾਬ ਦੇ ਲੋਕ ਗੰਭੀਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਮੰਚ ’ਤੇ ਕਲਾਕਾਰੀ ਕਰਨਾ ਸਰਕਾਰ ਚਲਾਉਣ ਨਾਲੋਂ ਬਿਲਕੁੱਲ ਵੱਖ ਹੈ। ਕਲਾਕਾਰਾਂ ਦਾ ਕੰਮ ਲੋਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ ਜਦਕਿ ਸਰਕਾਰ ਦਾ ਕੰਮ ਜਨ ਕਲਿਆਣ ਲਈ ਨੀਤੀਆਂ ਬਣਾ ਕੇ ਵਿਕਾਸ ਦੇ ਕੰਮਾਂ ਨੂੰ ਲਾਗੂ ਕਰਨਾ ਹੁੰਦਾ ਹੈ।

LEAVE A REPLY

Please enter your comment!
Please enter your name here