ਗੁਰਦਾਸਪੁਰ, 11 ਮਾਰਚ 2025 – ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਨੰਗਲ ਚੋਰ ‘ਚ ਜੰਮੂ ਕਟੜਾ ਐਕਸਪ੍ਰੈਸ ਹਾਈਵੇਅ ਲਈ ਜ਼ਮੀਨ ਐਕਵਾਇਰ ਕਰਨ ਲਈ ਆਏ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਿਸਾਨਾਂ ‘ਚ ਧੱਕਾ-ਮੁੱਕੀ ਹੋਈ, ਜਿਸ ‘ਚ 7 ਕਿਸਾਨ ਜ਼ਖ਼ਮੀ ਹੋ ਗਏ। ਕਿਸਾਨਾਂ ਨੇ ਪੁਲਸ ਪ੍ਰਸ਼ਾਸਨ ‘ਤੇ ਦੋਸ਼ ਲਗਾਏ ਕਿਹਾ ਕਿ ਉਨ੍ਹਾਂ ਦੀਆਂ ਪੱਗਾਂ ਉਤਾਰੀਆਂ ਗਈਆਂ ਅਤੇ ਕਣਕ ਦੀ ਫ਼ਸਲ ਨੂੰ ਵਾਹ ਦਿੱਤਾ ਗਿਆ। ਪੁਲਿਸ ਦੀ ਮਦਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਕਿਸਾਨਾਂ ਤੋਂ ਜ਼ਮੀਨ ਖਾਲੀ ਕਰਵਾਉਣ ਲਈ ਪਹੁੰਚੀ ਸੀ।
ਇਹ ਵੀ ਪੜ੍ਹੋ: ICC ਦੀ ਚੈਂਪੀਅਨਜ਼ ਟਰਾਫੀ ਟੀਮ ਵਿੱਚ ਰੋਹਿਤ ਸ਼ਰਮਾ ਦਾ ਨਾਮ ਨਹੀਂ: ਕੋਹਲੀ ਸਮੇਤ ਭਾਰਤ ਦੇ 5 ਖਿਡਾਰੀ ਸ਼ਾਮਲ
ਇਸ ਦੌਰਾਨ, ਪੁਲਿਸ ਨੇ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ‘ਤੇ ਮਸ਼ੀਨਾਂ ਚਲਾਈਆਂ, ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਆਪਣੀਆਂ ਫਸਲਾਂ ਬਚਾਉਣ ਆਏ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ। ਬਾਅਦ ਵਿੱਚ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਮੌਕੇ ਤੋਂ ਭਜਾ ਦਿੱਤਾ। ਹਾਲਾਂਕਿ, ਟਕਰਾਅ ਦੀ ਸਥਿਤੀ ਅਜੇ ਵੀ ਬਣੀ ਹੋਈ ਹੈ।
ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੀਆਂ ਜ਼ਮੀਨਾਂ ਦਾ ਢੁਕਵਾਂ ਮੁਆਵਜ਼ਾ ਨਹੀਂ ਮਿਲਿਆ ਹੈ। ਇਸ ਲਈ, ਉਹ ਆਪਣੀਆਂ ਜ਼ਮੀਨਾਂ ‘ਤੇ ਖੇਤੀ ਕਰ ਰਹੇ ਹਨ। ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਮੁਆਵਜ਼ਾ ਮਿਲ ਗਿਆ ਹੈ, ਇਸ ਲਈ ਇਹ ਜ਼ਮੀਨਾਂ ਹੁਣ ਸਰਕਾਰ ਦੀਆਂ ਹਨ। ਕਿਸਾਨਾਂ ਨੂੰ ਇਨ੍ਹਾਂ ਦੀ ਖੇਤੀ ਕਰਨ ਦਾ ਅਧਿਕਾਰ ਨਹੀਂ ਹੈ।
ਘਟਨਾ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਿਨਾਂ ਗੁਰਦਾਸਪੁਰ ਦੇ ਨੰਗਲ ਚੌੜ ਅਤੇ ਭਰਥ ਵਿੱਚ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਕਿਸਾਨਾਂ ਨੇ ਇਸਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ ਜਿਸ ਵਿੱਚ 7 ਕਿਸਾਨ ਜ਼ਖਮੀ ਹੋ ਗਏ।
ਪੰਧੇਰ ਨੇ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਪਰਮਿੰਦਰ ਸਿੰਘ ਚੀਮਾ, ਅਜਾਇਬ ਸਿੰਘ, ਗੁਰਮੁਖ ਸਿੰਘ, ਹਰਜੀਤ ਸਿੰਘ, ਅਜੀਤ ਸਿੰਘ, ਨਿਸ਼ਾਨ ਸਿੰਘ ਭਿਟੇਵਿਡ ਅਤੇ ਅਜੀਤ ਸਿੰਘ ਸ਼ਾਮਲ ਹਨ। ਇਸ ਘਟਨਾ ਤੋਂ ਬਾਅਦ ਕਿਸਾਨ ਮੀਟਿੰਗ ਕਰ ਰਹੇ ਹਨ। ਅਗਲੀ ਰਣਨੀਤੀ ਜਲਦੀ ਹੀ ਬਣਾਈ ਜਾਵੇਗੀ।