ਚੰਡੀਗੜ੍ਹ : ਏਅਰਫੋਰਸ ਅਤੇ ਏਅਰਪੋਰਟ ਅਥਾਰਟੀ ਵੱਲੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇਅ ਨੂੰ 24 ਅਗਸਤ ਯਾਨੀ ਅੱਜ ਤੋਂ 15 ਸਤੰਬਰ ਤਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਏਅਰਪੋਰਟ ਤੋਂ ਨਾ ਤਾਂ ਕੋਈ ਫਲਾਈਟ ਲੈਂਡ ਹੋਵੇਗੀ, ਨਾ ਹੀ ਉਡਾਣ ਭਰੇਗੀ। ਏਅਰਪੋਰਟ ਅਥਾਰਟੀ ਵੱਲੋਂ ਸਾਰੀਆਂ ਏਅਰਲਾਈਨਜ਼ ਕੰਪਨੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ 24 ਅਗਸਤ ਤੋਂ 15 ਸਤੰਬਰ ਤੱਕ ਰਾਤ 11:30 ਤੋਂ ਸਵੇਰੇ 4:30 ਵਜੇ ਤੱਕ ਕੋਈ ਵੀ ਉਡਾਣ ਲੈਂਡ ਅਤੇ ਰਵਾਨਾ ਨਹੀਂ ਹੋਵੇਗੀ।
ਏਅਰਫੋਰਸ ਵੱਲੋਂ ਰਨਵੇਅ ਦੀ ਮੁਰੰਮਤ ਅਤੇ ਲਾਈਟਿੰਗ ਦਾ ਕੰਮ ਕੀਤਾ ਜਾਵੇਗਾ। ਇਸ ਦੌਰਾਨ ਐਮਰਜੈਂਸੀ ਲੈਂਡਿੰਗ ਵੀ ਨਹੀਂ ਹੋਵੇਗੀ। ਇਸ ਦੌਰਾਨ ਕੋਰੋਨਾ ਨੂੰ ਲੈ ਕੇ ਵੀ ਏਅਰਪੋਰਟ ‘ਤੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਏਅਰਪੋਰਟ ਅਥਾਰਟੀ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਆਉਣ ਵਾਲੇ ਮੁਸਾਫ਼ਰਾਂ ਨੂੰ ਕੋਵਿਡ-19 ਦੀ ਆਰ. ਟੀ. ਪੀ. ਸੀ. ਆਰ. ਰਿਪੋਰਟ ਜਾਂ ਕੋਵਿਸ਼ੀਲਡ ਜਾਂ ਕੋ-ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਹੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੁਸਾਫ਼ਰ ਨੂੰ ਉਤਰਨ ਦਿੱਤਾ ਜਾਵੇਗਾ।