ਮੋਗਾ ‘ਚ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਦਾ ਹੋਇਆ ਵਿਰੋਧ , ਕਾਲੇ ਝੰਡੇ ਦਿਖਾ ਕੀਤਾ ਰੋਸ ਪ੍ਰਦਰਸ਼ਨ || Punjab News
ਲੋਕ ਸਭਾ ਚੋਣਾਂ ਦੇ ਚੱਲਦਿਆਂ ਵੱਖ -ਵੱਖ ਉਮੀਦਵਾਰਾਂ ਵੱਲੋਂ ਚੋਣਾਂ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਪੰਜਾਬ ਦੇ ਮੋਗਾ ਵਿੱਚ ਇੱਕ ਵਾਰ ਫਿਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਜਿਸਦੇ ਚੱਲਦਿਆਂ ਕਿਸਾਨਾਂ ਨੇ ਭਾਜਪਾ ਉਮੀਦਵਾਰਾਂ ਨੂੰ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਦਰਅਸਲ , ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਤਾ ਗਿਆ ਹੈ ।
ਵਿਰੋਧ ਵਿੱਚ ਕੀਤੀ ਗਈ ਨਾਅਰੇਬਾਜ਼ੀ
ਉਨ੍ਹਾਂ ਦੇ ਵਿਰੋਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ । ਜਿਸ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਮੌਜੂਦ ਸਨ । ਪ੍ਰਦਰਸ਼ਨ ਦੌਰਾਨ ਕਿਸਾਨ ਆਗੁ ਇਕਬਾਲ ਸਿੰਘ ਨੇ ਕਿਹਾ ਕਿ ਅਸੀਂ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਅਤੇ ਹੰਸਰਾਜ ਹੰਸ ਭਾਜਪਾ ਦੇ ਉਮੀਦਵਾਰ ਹਨ। ਅਸੀਂ ਪੰਜਾਬ ਵਿੱਚ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਪਿੰਡ ਵਿੱਚ ਵੋਟਾਂ ਮੰਗਣ ਨਹੀਂ ਆਉਣ ਦੇਵਾਂਗੇ। ਅਸੀਂ ਉਨ੍ਹਾਂ ਦਾ ਇਸ ਤਰ੍ਹਾਂ ਵਿਰੋਧ ਕਰਾਂਗੇ।
ਇਹ ਵੀ ਪੜ੍ਹੋ : ਪੰਜਾਬ ‘ਚ PM ਮੋਦੀ ਖਿਲਾਫ ਕਿਸਾਨ ਕਰਨਗੇ ਪ੍ਰਦਰਸ਼ਨ , SKM ਦੀ ਅੱਜ ਪਟਿਆਲਾ ‘ਚ ਹੋਵੇਗੀ ਮੀਟਿੰਗ
ਉਨ੍ਹਾਂ ਦੱਸਿਆ ਕਿ ਅੱਜ ਹੰਸ ਰਾਜ ਹੰਸ ਮੋਗਾ ਦੇ ਪਿੰਡ ਕੋਕਰੀ ਕਲਾ ਵਿਖੇ ਪੁੱਜੇ ਹਨ। ਜਿਸ ਦਾ ਅਸੀਂ ਕਾਲੇ ਝੰਡੇ ਦਿਖਾ ਕੇ ਅਤੇ ਮੁਰਦਾਬਾਦ ਦੇ ਨਾਅਰੇ ਲਗਾ ਕੇ ਰੋਸ ਪ੍ਰਗਟ ਕੀਤਾ। ਅਸੀਂ ਸਮੂਹ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਕਿਸੇ ਵੀ ਕੀਮਤ ‘ਤੇ ਭਾਜਪਾ ਉਮੀਦਵਾਰ ਨੂੰ ਵੋਟ ਨਾ ਪਾਉਣ ਅਤੇ ਉਨ੍ਹਾਂ ਨੂੰ ਪੰਜਾਬ ਤੋਂ ਭਜਾਉਣ ਲਈ ਸਾਡਾ ਸਾਥ ਦੇਣ।
 
			 
		