ਆਜਾਦੀ ਗੁਲਾਟੀਆਂ ਨੂੰ ਯਾਦ ਕਰਦੇ ਹੋਏ ਕੈਬਨਿਟ ਮੰਤਰੀ ਸੌਂਦ ਨੇ ਲਹਿਰਾਇਆ ਅੰਮ੍ਰਿਤਸਰ ਵਿਖੇ ਤਿਰੰਗਾ, ਦੇਖੋ ਤਸਵੀਰਾਂ
ਅੰਮ੍ਰਿਤਸਰ 26 ਜਨਵਰੀ – ਤਰੁਨਪ੍ਰੀਤ ਸਿੰਘ ਸੌਂਦ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ, ਉਦਯੋਗ ਤੇ ਵਣਜ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਨੇ 76ਵੇਂ ਗਣਤੰਤਰ ਦਿਵਸ ਮੌਕੇ ਦੇਸ਼-ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖ਼ਾਸ ਤੌਰ ’ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਮੈਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਬੀਰਾਂ ਨੂੰ ਸਲਾਮ ਕਰਦਾ ਹਾਂ, ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ। ਉਨਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਹੀਦ ਉਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦੇ ਆਜ਼ਾਦੀ ਘੁਲਾਟੀਆਂ ਵਲੋਂ ਪਾਏ ਯੋਗਦਾਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਵੱਡਮੁੱਲੇ ਯੋਗਦਾਨ ਨੂੰ ਸਿਜਦਾ ਕੀਤਾ।
ਐਕਸ ਗ੍ਰੇਸ਼ੀਆ ਰਾਸ਼ੀ ਕੀਤੀ ਦੁੱਗਣੀ
ਉਨਾਂ ਕਿਹਾ ਕਿ ਇਨਾਂ ਦੀ ਘਾਲਣਾ ਸਦਕਾ ਹੀ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ। ਉਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਤਿਰੰਗਾ ਲਹਿਰਾਇਆ ਅਤੇ ਦੱਸਿਆ ਕਿ ਪੰਜਾਬ ਸਰਕਾਰ ਨੇ ਸ਼ਹੀਦ ਫੌਜੀ ਜਵਾਨਾਂ ਅਤੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਾਸ਼ੀ ਦੁੱਗਣੀ ਕਰ ਦਿੱਤੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਸ਼ਹੀਦਾਂ ਨੂੰ ਪ੍ਰਣਾਈ ਹੋਈ ਹੈ। ਮੌਜੂਦਾ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੋਂ ਸਹੁੰ ਚੁੱਕਣ ਨਾਲ ਹੀ ਸੂਬੇ ਦੀ ਭਲਾਈ ਲਈ ਕਾਰਜਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਅਨੇਕਾਂ ਲੋਕ-ਪੱਖੀ ਪਹਿਲਕਦਮੀਆਂ ਕੀਤੀਆਂ ਹਨ।
ਜਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦੇ ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਧਰਮੀ ਫੌਜੀਆਂ ਦੀ ਵਿੱਤੀ ਸਹਾਇਤਾ 10 ਹਜ਼ਾਰ ਤੋਂ ਵਧਾ ਕੇ 12 ਹਜ਼ਾਰ, ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 9400 ਤੋਂ ਵਧਾ ਕੇ 11000 ਰੁਪਏ ਅਤੇ ਸਵਤੰਤਰਤਾ ਸੈਨਾਨੀਆਂ ਦੇ ਵਾਰਸਾਂ ਨੂੰ ਸਰਕਾਰੀ ਭਰਤੀ ਵਿੱਚ 1 ਫੀਸਦੀ ਦਾ ਰਾਖਵਾਂਕਰਨ ਦਿੱਤਾ ਹੈ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦਿਆਂ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ 34 ਮਹੀਨਿਆਂ ਦੌਰਾਨ 50 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਰੋਜ਼ਗਾਰ, ਸਿਹਤ, ਸਿੱਖਿਆ, ਮੁਫਤ ਬਿਜਲੀ ਅਤੇ ਹੋਰ ਪ੍ਰਸ਼ਾਸ਼ਕੀ ਸੁਧਾਰ ਸਾਡੀ ਸਰਕਾਰ ਦੇ ਮੁੱਖ ਏਜੰਡੇ ਹਨ।
ਇਸੇ ਤਹਿਤ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਉਂਦਿਆਂ ਸਾਡੀ ਸਰਕਾਰ ਨੇ ਹੁਣ ਤੱਕ 881 ਆਮ ਆਦਮੀ ਕਲੀਨਿਕ ਚਲਾ ਦਿੱਤੇ ਹਨ, ਜਿੱਥੇ ਰੋਜ਼ਾਨਾ ਲੱਖਾਂ ਲੋਕ ਮੁਫਤ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਇਸੇ ਤਰ੍ਹਾਂ ਸਿੱਖਿਆ ਖੇਤਰ ਵਿੱਚ ਵੀ ਸਾਡੀ ਸਰਕਾਰ ਨੇ ਨਵੇਂ ਮੁਕਾਮ ਹਾਸਲ ਕੀਤੇ ਹਨ। ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ 118 ਸਕੂਲ ਆਫ ਐਮੀਨੈਂਸ ਚੱਲ ਰਹੇ ਹਨ।