ਰਿਸ਼ਵਤ ਲੈਣ ਵਾਲਾ ਏ. ਐਸ. ਆਈ. ਤੇ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

0
47
Vigilance Bureau

ਚੰਡੀਗੜ੍ਹ, 9 ਸਤੰਬਰ 2025: ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਸਿਟੀ ਸੁਲਤਾਨਪੁਰ ਲੋਧੀ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ. ਐਸ. ਆਈ.) ਰਾਜਵਿੰਦਰ ਸਿੰਘ (691/ਕਪੂਰਥਲਾ) ਅਤੇ ਸਿਪਾਹੀ ਬਲਤੇਜ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਤੇ ਕਬੂਲ ਕਰਨ ਦੇ ਦੋਸ਼ ਤਹਿਤ ਕਾਬੂ ਕੀਤਾ ਹੈ ।

ਮੁੱਖ ਮੰਤਰੀ ਦੀ ਐਂਟੀ-ਕੁਰੱਪਸ਼ਨ ਐਕਸ਼ਨ ਲਾਈਨ ’ਤੇ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਦੇ ਆਧਾਰ’ਤੇ ਕੀਤੀਆਂ ਗਈਆਂ ਹਨ

ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਇੱਕ ਇੰਗਲੈਂਡ ਨਿਵਾਸੀ ਐਨ. ਆਰ. ਆਈ. ਮਹਿਲਾ, ਜੋ ਇਸ ਸਮੇਂ ਮੁੰਬਈ ਵਿੱਚ ਵੀ ਰਹਿੰਦੀ ਹੈ, ਵੱਲੋਂ ਮੁੱਖ ਮੰਤਰੀ ਦੀ ਐਂਟੀ-ਕੁਰੱਪਸ਼ਨ ਐਕਸ਼ਨ ਲਾਈਨ ’ਤੇ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਦੇ ਆਧਾਰ’ਤੇ ਕੀਤੀਆਂ ਗਈਆਂ ਹਨ ।

ਅਦਾਲਤ ਤੋਂ ਜ਼ਮਾਨਤ ਲੈਣ ਵਿੱਚ ਮਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ

ਬੁਲਾਰੇ ਨੇ ਹੋਰ ਦੱਸਿਆ ਕਿ ਸ਼ਿਕਾਇਤ ਅਨੁਸਾਰ ਉਕਤ ਏ. ਐਸ. ਆਈ. (A. S. I.) ਨੇ ਸ਼ਿਕਾਇਤਕਰਤਾ ਦੇ ਐਨ. ਆਰ. ਆਈ. ਦੋਸਤ ਦੀ ਪੁਲਸ ਵੱਲੋਂ ਇੱਕ ਮਾਮਲੇ ਵਿੱਚ ਗ੍ਰਿਫਤਾਰੀ ਮੌਕੇ ਅਦਾਲਤ ਤੋਂ ਜ਼ਮਾਨਤ ਲੈਣ ਵਿੱਚ ਮਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ । ਰਿਸ਼ਵਤ ਦੀ ਰਕਮ ਪ੍ਰਾਪਤ ਕਰਨ ਲਈ ਇੰਨਾਂ ਪੁਲਸ ਮੁਲਾਜ਼ਮਾਂ ਨੇ ਉਸਨੂੰ ਬੈਂਕ ਦੇ ਏ. ਟੀ. ਐਮ. ਤੋਂ ਪੈਸੇ ਕਢਵਾਉਣ ਲਈ ਵੀ ਬਾਹਰ ਭੇਜ ਦਿੱਤਾ ਸੀ । ਇਸ ਤੋਂ ਬਾਅਦ ਉਕਤ ਪੁਲਸ ਮੁਲਾਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਅਦਾਲਤੀ ਕਾਰਵਾਈ ਵਿੱਚ ਉਸਦੇ ਸਾਥੀ ਦੀ ਮਦਦ ਕਰਨ ਬਦਲੇ 5 ਹਜ਼ਾਰ ਰੁਪਏ ਹੋਰ ਮੰਗੇ ਸਨ, ਜਿਸਦੀ ਉਸਨੇ ਰਿਕਾਰਡਿੰਗ ਕਰਕੇ ਆਨ-ਲਾਈਨ ਸ਼ਿਕਾਇਤ ਦਰਜ ਕਰਾ ਦਿੱਤੀ ।

ਜਾਂਚ ਦੌਰਾਨ ਸ਼ਿਕਾਇਤ ਵਿੱਚ ਲਗਾਏ ਦੋਸ਼ ਸੱਚੇ ਪਾਏ ਗਏ

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸ਼ਿਕਾਇਤ ਵਿੱਚ ਲਗਾਏ ਦੋਸ਼ ਸੱਚੇ ਪਾਏ ਗਏ । ਇਸ ਤੋਂ ਬਾਅਦ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਬਿਊਰੋ ਦੇ ਥਾਣਾ, ਜਲੰਧਰ ਰੇਂਜ ਵਿੱਚ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ । ਇਸ ਕੇਸ ਦੀ ਹੋਰ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

Read More : ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦਿਆਂ ASI ਨੂੰ ਕੀਤਾ ਗ੍ਰਿਫਤਾਰ

LEAVE A REPLY

Please enter your comment!
Please enter your name here