ਪਟਿਆਲਾ, 23 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਅਤੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ (Education Revolution) ਤਹਿਤ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਸਕੂਲਾਂ ਨੂੰ ਸੰਵਾਰਨ ਵਿੱਚ ਲੱਗੇ ਹੋਏ ਹਨ ਤਾਂ ਜੋ ਸਕੂਲਾਂ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਕੇ ਵਿਦਿਆਰਥੀਆਂ ਨੂੰ ਸਕਾਰਾਤਮਕ ਮਾਹੌਲ ਦਿੱਤਾ ਜਾ ਸਕੇ ।
ਮਿਡ ਡੇ ਮੀਲ ਸਮੇਤ ਅਧਿਆਪਕਾਂ ਤੇ ਬੱਚਿਆਂ ਦੀ ਹਾਜ਼ਰੀ ਕੀਤੀ ਚੈਕ
ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ (ਐਲੀ. ਸਿੱ.) ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਮਨਵਿੰਦਰ ਕੌਰ ਭੁੱਲਰ ਦੀ ਦੇਖ ਰੇਖ ਹੇਠ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਪ੍ਰਿਥੀ ਸਿੰਘ ਵੱਲੋਂ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦੌਰਾ ਕੀਤਾ ਗਿਆ । ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚਲੇ ਪਖਾਨਿਆਂ ਦੀ ਸਾਫ ਸਫ਼ਾਈ, ਪੀਣ ਵਾਲੇ ਪਾਣੀ, ਕਲਾਸ ਰੂਮ, ਕਿਚਨ ਗਾਰਡਨ, ਰਸੋਈ, ਦਫਤਰੀ ਰਿਕਾਰਡ, ਕਿਤਾਬਾਂ ਅਤੇ ਵਰਦੀਆਂ ਸਮੇਤ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਲਗਾਏ ਜਾ ਰਹੇ ਪੌਦਿਆਂ ਦਾ ਵੀ ਜਾਇਜਾ ਲਿਆ ਗਿਆ ।
ਕੁੱਕ ਬੀਬੀਆਂ ਨੂੰ ਸਫ਼ਾਈ ਰੱਖਣ ਦੀ ਹਦਾਇਤ
ਬੀ. ਪੀ. ਈ. ਓ. ਪ੍ਰਿਥੀ ਸਿੰਘ (B. P. E. O. Prithi Singh) ਸਵੇਰੇ 8 ਵਜੇ ਸਕੂਲ ਖੁੱਲਦੇ ਹੀ ਸਰਕਾਰੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਮੈਣ ਵਿਖੇ ਪਹੁੰਚੇ, ਜਿੱਥੇ ਉਨਾਂ ਨੇ ਸਭ ਤੋਂ ਪਹਿਲਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਚੈੱਕ ਕੀਤੀ । ਇਸ ਤੋਂ ਇਲਾਵਾ ਸਾਫ ਸਫ਼ਾਈ ਦਾ ਵੀ ਪ੍ਰਬੰਧ ਦੇਖਿਆ ਗਿਆ, ਇਸ ਦੇ ਨਾਲ ਹੀ ਸਕੂਲ ਵਿਖੇ ਆਪਣੇ ਬੱਚਿਆਂ ਨੂੰ ਛੱਡਣ ਲਈ ਆਏ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਗਈ ।
ਕੁੱਕ ਬੀਬੀਆਂ ਨੂੰ ਖਾਣਾ ਤਿਆਰ ਕਰਨ ਵੇਲੇ ਸਾਫ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਭਾਨਰੀ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਮੱਦੋ ਮਾਜਰਾ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਤਰੈ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਸੂਲਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਧਾਨਕਾ ਮੁਹੱਲਾ ਦਾ ਦੌਰਾ ਕਰਦਿਆਂ ਕੁੱਕ ਬੀਬੀਆਂ ਵੱਲੋਂ ਵਿਦਿਆਰਥੀਆਂ ਲਈ ਤਿਆਰ ਕੀਤੇ ਜਾ ਰਹੇ (ਮਿਡ ਡੇ ਮਿਲ) ਦੁਪਹਿਰ ਦੇ ਖਾਣੇ ਦਾ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਕੁੱਕ ਬੀਬੀਆਂ ਨੂੰ ਖਾਣਾ ਤਿਆਰ ਕਰਨ ਵੇਲੇ ਸਾਫ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ । ਇਸ ਦੇ ਨਾਲ ਹੀ ਸਕੂਲਾਂ ਵਿੱਚ ਤਿਆਰ ਕੀਤੀ ਜਾ ਰਹੀ ਕਿਚਨ ਗਾਰਡਨ ਦਾ ਵੀ ਜਾਇਜਾ ਲਿਆ ਗਿਆ ।
ਵੱਖ-ਵੱਖ ਪ੍ਰਜੈਕਟਾਂ ਸਬੰਧੀ ਜਾਣਕਾਰੀ ਕੀਤੀ ਹਾਸਿਲ
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਿਥੀ ਸਿੰਘ ਵੱਲੋਂ ਮਿਸ਼ਨ ਸਮਰੱਥ ਅਤੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਵਰਦੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ, ਇਸ ਦੇ ਨਾਲ ਹੀ ਹੋਰ ਵੱਖ-ਵੱਖ ਪ੍ਰਜੈਕਟਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ । ਬਲਾਕ ਪਟਿਆਲਾ-2 ਦੇ ਬੀ. ਪੀ. ਈ. ਓ. ਪ੍ਰਿਥੀ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਲੇ ਭਰ ਦੇ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀ ਬਿਨਾਂ ਕਿਸੇ ਪਰੇਸ਼ਾਨੀ ਦੇ ਸਿੱਖਿਆ ਹਾਸਿਲ ਕਰ ਰਹੇ ਹਨ ।
ਗਰਾਂਟਾਂ ਦੇ ਕੇ ਬਦਲੀ ਜਾ ਰਹੀ ਹੈ ਸਰਕਾਰੀ ਸਕੂਲਾਂ ਦੀ ਨੁਹਾਰ
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਵੱਡੀ ਪੱਧਰ ‘ਤੇ ਗਰਾਂਟਾਂ ਦੇ ਕੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਇਸ ਲਈ ਮੌਜੂਦਾ ਸਮੇਂ ਸਮੁੱਚੇ ਪੰਜਾਬ ਸਮੇਤ ਜ਼ਿਲ੍ਹਾ ਪਟਿਆਲਾ ਦੇ ਸਮੂਹ ਸਕੂਲ ਬੁਲੰਦੀਆਂ ਛੂਹ ਰਹੇ ਹਨ ਅਤੇ ਸਕੂਲਾਂ ਦਾ ਨਤੀਜਾ ਵੀ 100 ਫੀਸਦੀ ਹੈ । ਉਹਨਾਂ ਆਖਿਆ ਕਿ ਭਵਿੱਖ ਵਿੱਚ ਵੀ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ ਜਾਵੇਗੀ ।
Read More : ਪੰਜਾਬ ਸਰਕਾਰ ਪੱਛੜੀਆਂ ਸ਼੍ਰੇਣੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ