ਕਪੂਰਥਲਾ, 16 ਮਾਰਚ 2025: ਤਕਰੀਬਨ ਡੇਢ ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ’ਚ ਇੰਗਲੈਂਡ ਗਏ ਪਿੰਡ ਲੱਖਣ ਕੇ ਪੱਡਾ (ਕਪੂਰਥਲਾ) ਦੇ 23 ਸਾਲਾ ਨੌਜਵਾਨ ਹਰਮਨਜੋਤ ਸਿੰਘ ਪੁੱਤਰ ਸਵਰਗੀ ਕੁਲਵੰਤ ਸਿੰਘ ਦੀ ਇੰਗਲੈਂਡ ਦੇ ਸ਼ਹਿਰ ਹੈਡਰਸਫੀਲਡ ਦੇ ਹਸਪਤਾਲ ਵਿਖੇ ਮੌਤ ਹੋ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਲੱਖਣ ਕੇ ਪੱਡਾ ਦੇ ਮੈਂਬਰ ਪੰਚਾਇਤ ਜਸਵੰਤ ਵਿਰਲੀ ਨੇ ਦੱਸਿਆ ਕਿ ਹਰਮਨਜੋਤ ਸਿੰਘ ਬਰੈਡਫੋਰਡ ਸ਼ਹਿਰ ਵਿਖੇ ਰਹਿੰਦਾ ਸੀ ਅਤੇ ਉਥੇ ਹੀ ਆਪਣੇ ਮਾਲਕ ਕੋਲ ਕੰਮ ਕਰਦਾ ਸੀ। ਇਸ ਦੌਰਾਨ ਸ਼ੱਕੀ ਹਾਲਾਤ ’ਚ ਮਿਲੇ ਹਰਮਨਜੋਤ ਸਿੰਘ ਨੂੰ ਉਸ ਦੇ ਦੋਸਤਾਂ ਨੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ ਵਿੱਚ 2 ਹਵਾਲਾ ਸੰਚਾਲਕ ਗ੍ਰਿਫ਼ਤਾਰ, ਨਸ਼ਾ ਤਸਕਰਾਂ ਨੂੰ ਫੰਡ ਦੇਣ ‘ਚ ਸ਼ਾਮਲ
ਉਨ੍ਹਾਂ ਕਿਹਾ ਕਿ ਬੀਤੀ 27 ਫਰਵਰੀ ਨੂੰ ਹਰਮਨਜੋਤ ਸਿੰਘ ਦੀ ਮੌਤ ਹੋ ਗਈ ਅਤੇ ਸ਼ਨੀਵਾਰ ਸਥਾਨਕ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 4800 ਪੌਂਡ ਖ਼ਰਚ ਕੇ, ਐੱਨ. ਆਰ. ਆਈ. ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਉਸ ਦੀ ਮ੍ਰਿਤਕ ਦੇਹ ਰਾਜਾਸਾਂਸੀ ਦੇ ਏਅਰਪੋਰਟ ਪੁੱਜੀ। ਇਸ ਦੌਰਾਨ ਖ਼ੁਦ ਮੰਤਰੀ ਕੁਲਦੀਪ ਧਾਲੀਵਾਲ ਮ੍ਰਿਤਕ ਦੇਹ ਨੂੰ ਰਿਸੀਵ ਕਰਨ ਪੁੱਜੇ ਅਤੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ। ਉਪਰੰਤ ਬਾਅਦ ਦੁਪਿਹਰ ਪਿੰਡ ਲੱਖਣ ਕੇ ਪੱਡਾ ਦੇ ਸ਼ਮਸ਼ਾਨਘਾਟ ਵਿਖੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
ਅੰਤਿਮ ਸਸਕਾਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।