ਚੰਡੀਗੜ੍ਹ, 18 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ (War on drugs’) ਦਰਮਿਆਨ ਕੌਮਾਂਤਰੀ ਨਸ਼ਾ ਗਠਜੋੜ ਨੂੰ ਵੱਡਾ ਝਟਕਾ ਦਿੰਦਿਆਂ ਵਿਸ਼ੇਸ਼ ਜਾਂਚ ਟੀਮ ਦੇ ਸੁਚੱਜੇ ਯਤਨਾਂ ਉਪਰੰਤ ਕੈਨੇਡਾ-ਅਧਾਰਤ ਨਸ਼ਾ ਤਸਕਰ ਸਤਪ੍ਰੀਤ ਸਿੰਘ ਥਿਆੜਾ ਉਰਫ ਸੱਤਾ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ।
ਦੱਸਣਯੋਗ ਹੈ ਕਿ ਨਸ਼ਿਆਂ ਦੇ ਵਪਾਰ (Drug trafficking) ਵਿੱਚ ਉਸਦੀ ਸ਼ਮੂਲੀਅਤ ਤੋਂ ਬਾਅਦ ਸਤਪ੍ਰੀਤ ਸਿੰਘ ਉਰਫ ਸੱਤਾ ਵਾਸੀ ਪਿੰਡ ਬੰਗਾ, ਨਵਾਂਸ਼ਹਿਰ ਨੂੰ ਸਾਲ 2021 ਵਿੱਚ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਐਨ. ਡੀ. ਪੀ. ਐਸ. ਐਕਟ (N. D. P. S. Act) ਦੇ ਕੇਸ ਵਿੱਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ । ਜ਼ਿਕਰਯੋਗ ਹੈ ਕਿ ਇਸ ਸਬੰਧੀ ਕੇਸ ਥਾਣਾ ਪੰਜਾਬ ਸਟੇਟ ਕ੍ਰਾਈਮ, ਐਸਏਐਸ ਨਗਰ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 25, 27ਏ ਅਤੇ 29 ਤਹਿਤ ਐਫ. ਆਈ. ਆਰ. ਨੰਬਰ 02 ਮਿਤੀ 20/12/21 ਨੂੰ ਦਰਜ ਕੀਤਾ ਗਿਆ ਸੀ ।
ਜਾਂਚ ਵਿੱਚ ਪਾਇਆ ਗਿਆ ਕਿ ਜਦੋਂ ਕੌਮਾਂਤਰੀ ਨਾਮੀ ਭੋਲਾ ਡਰੱਗ ਰੈਕੇਟ (Internationally renowned Bhola drug racket) ਪੰਜਾਬ ਵਿੱਚ ਸਰਗਰਮ ਸੀ, ਉਸ ਸਮੇਂ ਦੋਸ਼ੀ ਸਤਪ੍ਰੀਤ ਸੱਤਾ 2007 ਤੋਂ 2013 ਦਰਮਿਆਨ ਨਿਯਮਿਤ ਤੌਰ ‘ਤੇ ਭਾਰਤ ਆਉਂਦਾ ਰਿਹਾ । ਦੋਸ਼ੀ 6000 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਨਾਲ ਜੁੜਿਆ ਹੋਇਆ ਸੀ ਅਤੇ ਉਸ ਸਮੇਂ ਦੇ ਵੱਖ-ਵੱਖ ਸਿਆਸੀ ਵਿਅਕਤੀਆਂ ਨਾਲ ਉਸਦੇ ਨੇੜਲੇ ਸਬੰਧ ਸਨ । ਪੰਜਾਬ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦੀ ਬੇਨਤੀ ਉਪਰੰਤ ਸਮਰੱਥ ਅਥਾਰਟੀ ਨੇ ਸਤਪ੍ਰੀਤ ਸੱਤਾ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਹੈ ।
ਬਲੂ ਕਾਰਨਰ ਨੋਟਿਸ ਕੀ ਹੁੰਦਾ ਹੈ?
ਇੰਟਰਪੋਲ ਦੁਆਰਾ ਜਾਰੀ ਕੀਤਾ ਗਿਆ ਬਲੂ ਕਾਰਨਰ ਨੋਟਿਸ (Blue Corner Notice) ਅਪਰਾਧਿਕ ਜਾਂਚ ਦੌਰਾਨ ਕਿਸੇ ਵਿਅਕਤੀ ਦੀ ਪਛਾਣ, ਸਥਾਨ ਜਾਂ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਇਕੱਠਾ ਕਰਨ ਲਈ ਅਧਿਕਾਰਤ ਕਰਦਾ ਹੈ ।