ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚੰਨੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਬਿਜਲੀ ਦੇ ਮੁੱਦੇ ‘ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ‘ਤੇ ਥਾਂ-ਥਾਂ ਪੋਸਟਰ ਲਗਾਏ ਜਾ ਰਹੇ ਹਨ ਕਿ ਬਿਜਲੀ ਸਮਝੌਤੇ ਰੱਦ ਕਰ ਦਿੱਤੇ ਗਏ ਹਨ। ਇਹ ਸਿਰਫ਼ ਹੱਥਾਂ ਦੀ ਸਫਾਈ ਹੈ। ਚੰਨੀ ਸਾਹਿਬ ਨੂੰ ਮੇਰਾ ਸਵਾਲ ਹੈ ਕਿ ਦੱਸੋ ਕਿਹੜਾ ਪੀਪੀਏ ਸਮਝੌਤਾ ਰੱਦ ਹੋਇਆ ਹੈ?
ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਾਂ ਸੀਐਮ ਚੰਨੀ ਦੋਵੇਂ ਹੀ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਉਨ੍ਹਾਂ ਨੇ ਚੰਨੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸਾਬਤ ਕਰਨ ਕਿ ਸਰਕਾਰ ਸੋਲਰ ਲਈ 17 ਰੁਪਏ 91 ਪੈਸੇ ਦੇ ਰਹੀ ਹੈ। ਜੇਕਰ ਸਰਕਾਰ ਇਹ ਸਾਬਤ ਕਰ ਦਿੰਦੀ ਹੈ ਤਾਂ ਉਹ ਆਪਣੀ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦੇਣਗੇ। ਜੇਕਰ ਸਰਕਾਰ ਇਸ ਗੱਲ ਨੂੰ ਸਾਬਤ ਨਹੀਂ ਕਰ ਸਕੀ ਤਾਂ ਚੰਨੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।