ਚੰਡੀਗੜ੍ਹ, 3 ਨਵੰਬਰ 2025 : ਅਧਿਆਪਕਾਂ ਦੇ ਵਿੱਦਿਅਕ ਹੁਨਰ ਨੂੰ ਹੋਰ ਨਿਖ਼ਾਰਨ ਦੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 50 ਹੈੱਡਮਾਸਟਰਾਂ ਦੇ ਚੌਥੇ ਬੈਚ ਨੂੰ ਵਿਸ਼ੇਸ਼ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਲਈ ਵੱਕਾਰੀ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐਮ.), ਅਹਿਮਦਾਬਾਦ ਭੇਜਿਆ ਗਿਆ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਦੱਸਿਆ ਕਿ ਚੌਥਾ ਬੈਚ 3 ਤੋਂ 7 ਨਵੰਬਰ 2025 ਤੱਕ “ਲੀਡਰਸ਼ਿਪ ਅਤੇ ਮੈਂਟਰਸ਼ਿਪ ਸਕਿੱਲਜ਼” (“Leadership and Mentorship Skills”) ਬਾਰੇ ਇੱਕ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ, ਜੋ ਉਨ੍ਹਾਂ ਨੂੰ ਆਪਣੇ ਸਕੂਲਾਂ ਵਿੱਚ ਸਕਾਰਾਤਮਕ ਬਦਲਾਅ ਦੇ ਮਾਰਗਦਰਸ਼ਕ ਬਣਨ ਲਈ ਤਿਆਰ ਕਰੇਗਾ ।
ਸਿੱਖਿਆ ਮੰਤਰੀ ਵੱਲੋਂ ਹੈੱਡਮਾਸਟਰਾਂ ਦੇ 5ਵੇਂ ਬੈਚ ਨੂੰ 15 ਦਸੰਬਰ ਤੋਂ ਸਿਖਲਾਈ ਲਈ ਭੇਜਣ ਦਾ ਐਲਾਨ
ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਇਸ ਅਭਿਆਸ ਨੂੰ ਜਾਰੀ ਰੱਖਦਿਆਂ 15 ਤੋਂ 19 ਦਸੰਬਰ, 2025 ਤੱਕ ਆਈ. ਆਈ. ਐਮ. ਅਹਿਮਦਾਬਾਦ ਵਿਖੇ ਸਿਖਲਾਈ ਲਈ ਹੈੱਡਮਾਸਟਰਾਂ ਦਾ 5ਵਾਂ ਬੈਚ (5th batch of headmasters) ਭੇਜਿਆ ਜਾਵੇਗਾ । ਇਹ ਪਹਿਲਕਦਮੀ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ ‘ਤੇ ਅਧਿਆਪਨ ਦੇ ਬਿਹਤਰੀਨ ਅਭਿਆਸਾਂ ਨੂੰ ਲਾਗੂ ਕਰਨ ਲਈ ਅਧਿਆਪਕਾਂ ਨੂੰ ਆਲਮੀ ਪ੍ਰਬੰਧਨ ਅਤੇ ਮਾਰਗਦਰਸ਼ਨ ਦੇ ਹੁਨਰਾਂ ਨਾਲ ਲੈਸ ਕਰਨਾ ਹੈ ।
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਅਤੇ ਸਿੱਖਿਆ ਅਫਸਰਾਂ ਨੂੰ ਭੇਜਿਆ ਜਾ ਚੁੱਕਾ ਹੈ ਸਿੰਗਾਪੁਰ
ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਅਤੇ ਸਿੱਖਿਆ ਅਫਸਰਾਂ ਨੂੰ ਸਿੰਗਾਪੁਰ, 152 ਹੈੱਡਮਾਸਟਰਾਂ ਨੂੰ ਆਈ. ਆਈ. ਐਮ. ਅਹਿਮਦਾਬਾਦ ਅਤੇ 144 ਪ੍ਰਾਇਮਰੀ ਸਕੂਲ ਅਧਿਆਪਕਾਂ ਨੂੰ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿਖੇ ਵਿਸ਼ੇਸ਼ ਸਿਖਲਾਈ ਲਈ ਭੇਜਿਆ ਜਾ ਚੁੱਕਾ ਹੈ, ਜਿਸਦਾ ਉਦੇਸ਼ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਆਲਮੀ ਤੇ ਕੌਮੀ ਮੁਹਾਰਤ ਅਤੇ ਬਿਹਤਰੀਨ ਅਭਿਆਸਾਂ ਨੂੰ ਲਾਗੂ ਕਰਨਾ ਹੈ ।
ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਵਰਗੀਆਂ ਵੱਕਾਰੀ ਸੰਸਥਾਵਾਂ ਵਿੱਚ ਭੇਜਣਾ, ਸਿੱਖਿਆ ਵਿੱਚ ਰਣਨੀਤਕ ਨਿਵੇਸ਼ ਦਾ ਹਿੱਸਾ ਹੈ
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਆਈ. ਆਈ. ਐਮ. ਅਹਿਮਦਾਬਾਦ ਵਰਗੀਆਂ ਵੱਕਾਰੀ ਸੰਸਥਾਵਾਂ ਵਿੱਚ ਭੇਜਣਾ, ਸਿੱਖਿਆ ਵਿੱਚ ਰਣਨੀਤਕ ਨਿਵੇਸ਼ ਦਾ ਹਿੱਸਾ ਹੈ । ਇਨ੍ਹਾਂ ਅਧਿਆਪਕਾਂ ਨੂੰ ਸਿਰਫ ਸਕੂਲਾਂ ਦੇ ਸੁਚਾਰੂ ਪ੍ਰਬੰਧ ਲਈ ਹੀ ਨਹੀਂ ਬਲਕਿ ਆਪਣੇ ਸਾਥੀ ਅਧਿਆਪਕਾਂ ਨੂੰ ਪ੍ਰੇਰਿਤ ਕਰਨ, ਕਲਾਸਰੂਮਾਂ ਵਿੱਚ ਨਵੀਨਤਮ ਵਿਦਿਅਕ ਅਭਿਆਸ ਸ਼ਾਮਲ ਕਰਨ ਅਤੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਤਿਆਰ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਸਾਡੀ ਸਰਕਾਰ ਵੱਲੋਂ ਪੰਜਾਬ ਨੂੰ ਗਿਆਨ ਦੇ ਸਾਗਰ ਵਿੱਚ ਬਦਲਣ ਦੀ ਦ੍ਰਿੜ੍ਹ ਵਚਨਬੱਧਤਾ ਦੀ ਨੀਂਹ ਹੈ ।
ਇਹ ਸਿਖਲਾਈ ਪ੍ਰੋਗਰਾਮ ਦੂਰਅੰਦੇਸ਼ ਵਿਦਿਅਕ ਆਗੂਆਂ ਦਾ ਮਜ਼ਬੂਤ ਕੇਡਰ ਖੜ੍ਹਾ ਕਰ ਰਿਹਾ ਹੈ : ਅਨਿੰਦਿਤਾ ਮਿੱਤਰਾ
ਇਸੇ ਦਿਸ਼ਾ ਵਿੱਚ ਪੰਜਾਬ ਸਰਕਾਰ ਦੀ ਦੂਰਅੰਦੇਸ਼ ਸੋਚ ‘ਤੇ ਚਾਨਣਾ ਪਾਉਂਦਿਆਂ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ (Training program) ਦੂਰਅੰਦੇਸ਼ ਵਿਦਿਅਕ ਆਗੂਆਂ ਦਾ ਮਜ਼ਬੂਤ ਕੇਡਰ ਖੜ੍ਹਾ ਕਰ ਰਿਹਾ ਹੈ । ਅਧਿਆਪਨ ਦੇ ਹੁਨਰਾਂ ਨੂੰ ਨਿਖ਼ਾਰਨ ਦੀ ਇਹ ਵਿਸ਼ੇਸ਼ ਪਹਿਲ ਪੰਜਾਬ ਦੇ ਅਧਿਆਪਕਾਂ ਨੂੰ 21ਵੀਂ ਸਦੀ ਦੀਆਂ ਵਿਦਿਅਕ ਚੁਣੌਤੀਆਂ ਲਈ ਤਿਆਰ ਕਰੇਗੀ ਅਤੇ ਸੂਬੇ ਦੇ ਹਰੇਕ ਵਿਦਿਆਰਥੀ ਲਈ ਇੱਕ ਰੌਸ਼ਨ ਭਵਿੱਖ ਦਾ ਰਾਹ ਪੱਧਰਾ ਹੋਵੇਗਾ ।
Read More : ਭਲਕੇ ਖੁੱਲ੍ਹਣਗੇ ਸਾਰੇ ਸਕੂਲ ਤੇ ਕਾਲਜ: ਹਰਜੋਤ ਸਿੰਘ ਬੈਂਸ









