ਪਟਿਆਲਾ, 5 ਜੁਲਾਈ 2025 : 1947 ਦੇ ਹੱਲਿਆਂ ਦੇ ਚਸਮਦੀਦ ਗਵਾਹ ਬਾਪੂ ਰਾਮ ਕ੍ਰਿਸ਼ਨ ਸਿੰਘ (Bapu Ram Krishna Singh) 102 ਸਾਲਾਂ ਦੀ ਤੰਦਰੁਸਤ ਜਿੰਦਗੀ ਹੰਢਾ ਕੇ ਮਿਤੀ 1 ਜੁਲਾਈ 2025 ਨੂੰ ਆਪਣੇ ਜੱਦੀ ਪਿੰਡ ਢੈਂਠਲ (Village Dhanthal) ਵਿਖੇ ਵਾਹਿਗੁਰੂ-ਵਾਹਿਗੁਰੂ ਕਰਦੇ ਅਕਾਲ ਚਲਾਣਾ ਕਰ ਗਏ ਹਨ।
1947 ਦੇ ਹੱਲਿਆਂ ਦੀ ਚੀਸ ਅੰਤਿਮ ਸਵਾਸਾਂ ਤੱਕ ਉਨ੍ਹਾਂ ਦੇ ਸੀਨੇ ‘ਚ ਰਹੀ
ਇੱਕ ਸਦੀ ਤੋਂ ਵੱਧ ਸਮਾਂ ਜਿਉਣ ਵਾਲੇ ਬਾਪੂ ਦੀ ਭਰ ਜਵਾਨੀ ਦੇ 24 ਸਾਲਾਂ ਦੀ ਉਮਰ ‘ਚ ਵਾਪਰੇ 1947 ਦੇ ਹੱਲਿਆਂ ਦੀ ਚੀਸ (The story of the 1947 attacks) ਅੰਤਿਮ ਸਵਾਸਾਂ ਤੱਕ ਉਨ੍ਹਾਂ ਦੇ ਸੀਨੇ ‘ਚ ਰਹੀ, ਕਿਉਂਕਿ ਉਨ੍ਹਾਂ ਦੇ ਪਿਤਾ ਜਿਊਣ ਸਿੰਘ ਨੂੰ ਮੁਸਲਿਮ ਬਹੁਗਿਣਤੀ ਵਾਲੇ ਸਮਾਣਾ ਇਲਾਕੇ ਦੇ ਮੁਸਲਮਾਨ ਦੰਗਈਆਂ ਦੀ ਭੀੜ ਨੇ ਕੋਹ-ਕੋਹ ਕੇ ਮਾਰ ਦਿੱਤਾ ਸੀ ਪਰ ਇਸ ਗੱਲ ਦੀ ਤਸੱਲੀ ਵੀ ਸੀ ਕਿ ਜਦੋਂ ਉਨ੍ਹਾਂ ਨੂੰ ਵੀ ਇਨ੍ਹਾਂ ਦੰਗਈਆਂ ਨੇ ਘੇਰ ਲਿਆ ਸੀ ਤਾਂ ਇੱਕ ਮੁਸਲਮਾਨ ਬਜੁਰਗ ਨੇ ਉਨ੍ਹਾਂ ਉਪਰ ਬਰਛੇ ਨਾਲ ਹੁੰਦਾ ਹਮਲਾ ਰੋਕਿਆ ਸੀ ਜਦਕਿ ਪਿੰਡ ਦੇ ਨਿਹੰਗ ਬਾਬਾ ਸਾਧੂ ਸਿੰਘ ਨੇ ਉਨ੍ਹਾਂ ਦੇ ਪਿਤਾ ਦੇ ਸਰੀਰ ਦਾ ਇਕੱਲਿਆਂ ਹੀ ਤੰਦੂਰ ‘ਚ ਗੋਹੇ ਦੀਆਂ ਪਾਥੀਆਂ ਰੱਖਕੇ ਅੰਤਮ ਸਸਕਾਰ ਕੀਤਾ ਸੀ ਕਿਉਂਕਿ ਉਨ੍ਹਾਂ ਦਾ ਪਰਿਵਾਰ ਤੇ ਬਾਕੀ ਪਿੰਡ ਵਾਲੇ ਨੇੜਲੇ ਪਿੰਡ ਤੁਲੇਵਾਲ ਚਲੇ ਗਏ ਸਨ ।
ਰਾਮਗੜ੍ਹੀਆ ਗਹੀਰ ਪਰਿਵਾਰ ‘ਚ ਪੈਦਾ ਹੋਏ ਸਨ ਰਾਮ ਕ੍ਰਿਸ਼ਨ ਸਿੰਘ
ਰਾਮਗੜ੍ਹੀਆ ਗਹੀਰ ਪਰਿਵਾਰ ‘ਚ ਪੈਦਾ ਹੋਏ ਰਾਮ ਕ੍ਰਿਸ਼ਨ ਸਿੰਘ ਦੀ ਇੱਕ ਵੱਡੀ ਭੈਣ ਤੋਂ ਇਲਾਵਾ 3 ਹੋਰ ਭੈਣਾਂ ਤੇ 3 ਹੋਰ ਭਰਾ ਸਨ, ਜਿਨ੍ਹਾਂ ‘ਚੋਂ ਕੇਵਲ ਮਹਿੰਦਰ ਕੌਰ ਤੇ ਬਚਨ ਸਿੰਘ ਹੀ ਜਿਉਂਦੇ ਹਨ । ਸਾਰੀ ਉਮਰ ਆਪਣੀ ਮਾਤਾ ਦੇ ਪੜ੍ਹਾਏ ਪਾਠ ‘ਕਰ ਮਜ਼ਦੂਰੀ ਖਾਹ ਚੂਰੀ, ਲਾ ਮੌਜੜੇ ਖਾਹ ਖੌਂਸੜੇ (ਜੁੱਤੀਆਂ)’ ‘ਤੇ ਅਮਲ ਕਰਦੇ ਹੋਏ ਬਾਪੂ ਰਾਮ ਕ੍ਰਿਸਨ ਸਿੰਘ ਨੇ ਪਿਤਾ ਪੁਰਖੀ ਕਿਰਸਾਣਾ ਕੰਮ ਕੀਤਾ ਅਤੇ ਛੋਟੀ ਉਮਰੇ ਬੌਲਦ ਗੱਡੀਆਂ ਦੀਆਂ ਜੋੜੀਆਂ ਬਣਾਕੇ ਇਲਾਕੇ ‘ਚ ਨਾਮ ਕਮਾਇਆ ।
ਬਾਪੂ ਰਾਮ ਕ੍ਰਿਸ਼ਨ ਸਿੰਘ ਦਾ ਸਾਰਾ ਜੀਵਨ ਹੀ ਸਮਾਜ ਨੂੰ ਦੇਣ ਵਾਲਾ ਹੈ ਸੇਧ
ਪਿੰਡ ਢੈਂਠਲ ‘ਚ ਜਮੀਨ ਖਰੀਦ ਕੇ ਅੰਤਿਮ ਸਵਾਸਾਂ ਤੱਕ ਖੇਤੀ ਕਰਨੀ, ਵਾਣ ਵਾਲੇ ਮੰਜੇ ਉਤੇ ਸੌਣਾ, ਦੁੱਧ, ਦਹੀ, ਲੱਸੀ, ਦੇਸੀ ਘਿਉ, ਚੰਗੀ ਖੁਰਾਕ ਨੂੰ ਤੰਦਰੁਸਤੀ ਦਾ ਰਾਜ ਬਣਾਉਣ ਵਾਲੇ ਬਾਪੂ ਰਾਮ ਕ੍ਰਿਸ਼ਨ ਸਿੰਘ ਦਾ ਸਾਰਾ ਜੀਵਨ ਹੀ ਸਮਾਜ ਨੂੰ ਸੇਧ ਦੇਣ ਵਾਲਾ ਹੈ ।
ਬਾਪੂ ਜੀ ਦੇ ਪੁੱਤਰ ਬਲਵਿੰਦਰ ਸਿੰਘ, ਸੁਖਦੇਵ ਸਿੰਘ, ਪਿਆਰਾ ਸਿੰਘ ਤੇ ਗੁਰਜੰਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ’47 ਦੇ ਦਿਲ ਕੰਬਾਊ ਹੱਲਿਆਂ ਨੇ ਨਾਲ ਦੇ ਸਾਥੀ ਵੀ ਦੁਸ਼ਮਣ ਬਣਾ ਦਿੱਤੇ ਸਨ ਅਤੇ ਉਨ੍ਹਾਂ ਦੇ ਪਿਤਾ ਰਾਮ ਕ੍ਰਿਸ਼ਨ ਸਿੰਘ ਨੇ ਭਾਖੜਾ ਬਨਣ ਤੋਂ ਪਹਿਲਾਂ ਵਾਲੀ ਸਮਾਣਾ ਨੂੰ ਜਾਂਦੀ ਕੱਚੀ ਨਹਿਰ ‘ਚ ਲਾਸ਼ਾਂ ਤੈਰਦੀਆਂ ਆਪਣੇ ਅੱਖੀਂ ਦੇਖੀਆਂ ਸਨ ।
ਬਾਪੂ ਰਾਮ ਕ੍ਰਿਸ਼ਨ ਸਿੰਘ ਦੇ ਦੇਹਾਂਤ ਨਾਲ ਹੋ ਗਿਆ ਹੈ ਇੱਕ ਯੁੱਗ ਦਾ ਅੰਤ
ਉਨ੍ਹਾਂ ਦੇ ਪੋਤਰੇ ਤੇ ਪਟਿਆਲਾ ਦੇ ਏ. ਪੀ. ਆਰ. ਓ. ਹਰਦੀਪ ਸਿੰਘ ਨੇ ਕਿਹਾ ਕਿ ਮਿਹਨਤ, ਮੁਸ਼ੱਕਤ, ਦਲੇਰੀ ਤੇ ਮਨੁੱਖਤਾ ਦੇ ਮੁਜੱਸਮੇ ਬਾਪੂ ਰਾਮ ਕ੍ਰਿਸ਼ਨ ਸਿੰਘ ਦੇ ਦੇਹਾਂਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਬਾਪੂ ਜੀ ਦੀਆਂ ਸਿੱਖਿਆਵਾਂ ਉਨ੍ਹਾਂ ਨੂੰ ਸਦਾ ਪ੍ਰੇਰਤ ਕਰਦੀਆਂ ਰਹਿਣਗੀਆਂ ਅਤੇ ਉਨ੍ਹਾਂ ਨਮਿਤ ਅੰਤਮ ਅਰਦਾਸ 6 ਜੁਲਾਈ (Last Prayer July 6th) ਦਿਨ ਐਤਵਾਰ ਨੂੰ ਦੁਪਹਿਰ 12.30 ਤੋਂ 1.30 ਵਜੇ ਸਮਾਣਾ-ਪਟਿਆਲਾ ਰੋਡ ‘ਤੇ ਪੈਂਦੇ ਪਿੰਡ ਢੈਂਠਲ ਦੇ ਗੁਰਦੁਆਰਾ ਸਾਹਿਬ (Gurdwara Sahib) ਵਿਖੇ ਹੋਵੇਗੀ ।
ਬਾਪੂ ਜੀ ਨੂੰ ਸੀ ਆਪਣੀ ਮਿੱਟੀ ਨਾਲ ਅੰਤਾਂ ਦਾ ਮੋਹ
ਬਾਪੂ ਜੀ ਦੇ ਪੋਤਰੇ ਅਤੇ ਅਮਰੀਕਾ ਦੀਆਂ ਕੈਲੀਫੋਰਨੀਆ ਅਤੇ ਸਟੈਂਫੋਰਡ ਯੂਨੀਵਰਸਿਟੀਆਂ ‘ਚ ਪੜ੍ਹਾਉਂਦੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਬਾਪੂ ਜੀ ਨੂੰ ਉਨ੍ਹਾਂ ਨੂੰ ਆਪਣੀ ਮਿੱਟੀ ਨਾਲ ਅੰਤਾਂ ਦਾ ਮੋਹ ਸੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਹੇਰਵਾਂ ਸੀ ਕਿ ਸਾਡੇ ਮੁੰਡੇ ਪੰਜਾਬ ਛੱਡ-ਛੱਡਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਜਦਕਿ ਸਾਡਾ ਦੇਸ਼ ਸਾਨੂੰ ਸਭ ਕੁਝ ਦੇਣ ਦੇ ਸਮਰੱਥ ਹੈ। ਉਹ ਚਾਹੁੰਦੇ ਸਨ ਕਿ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਕੇ ਇੱਥੇ ਹੀ ਆਪਣੇ ਪਰਿਵਾਰਾਂ ਕੋਲ ਵੱਸਣ ਤੇ ਸੂਬੇ ਨੂੰ ਤਰੱਕੀਆਂ ਦੀਆਂ ਲੀਹਾਂ ਵੱਲ ਤੋਰਨ ।
ਪਿੰਡ ਢੈਂਠਲ ਰਹਿੰਦੇ ਉਨ੍ਹਾਂ ਦੇ ਪੋਤਰੇ ਗੁਰਚਰਨ ਸਿੰਘ ਨੇ ਦੱਸਿਆ ਕਿ ਅੰਤਿਮ ਸਮੇਂ ਬਾਪੂ ਜੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਲਿਆਂਦਾ ਜਲ ਛਕਿਆ ਅਤੇ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਸੰਤਾਂ ਦੀ ਤਰ੍ਹਾਂ ਸਵਾਸ ਤਿਆਗੇ ਅਤੇ ਅੰਤਿਮ ਸਸਕਾਰ ਤੱਕ ਉਨ੍ਹਾਂ ਦੇ ਚਿਹਰੇ ਦਾ ਜਲੌਅ ਦੇਖਣ ਵਾਲਾ ਸੀ ।