ਨਾਭਾ, 22 ਸਤੰਬਰ 2025 : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (Indian Farmers Union Rajewal) ਬਲਾਕ ਨਾਭਾ ਦੀ ਇਕੱਤਰਤਾ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਨਾਭਾ ਵਿੱਚ ਬਲਾਕ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਗੁਣੀਕੇ ਦੀ ਪ੍ਰਧਾਨਗੀ ਹੇਠ ਹੋਈ ।
ਸੁਪਰੀਮ ਕੋਰਟ ਦੀ ਟਿੱਪਣੀ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ ‘ਤੇ ਕਿਸਾਨ ਆਗੂਆਂ ਨੇ ਅਫ਼ਸੋਸ ਜ਼ਾਹਿਰ ਕੀਤਾ । ਉਹਨਾਂ ਐਨ. ਜੀ. ਟੀ. ਦੇ ਫੈਸਲੇ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਜੋ ਆਦੇਸ਼ ਐਨ. ਜੀ. ਟੀ. ਨੇ ਕੀਤੇ ਹੋਏ ਹਨ, ਪੰਜਾਬ ਸਰਕਾਰ ਉਹਨਾਂ ‘ਤੇ ਖਰੀ ਨਹੀਂ ਉਤਰ ਰਹੀ । ਛੋਟਾ ਕਿਸਾਨ ਮਹਿੰਗੀ ਮਸ਼ੀਨਰੀ ਨਹੀਂ ਖ਼ਰੀਦ ਸਕਦਾ ਇਸ ਲਈ ਪਰਾਲੀ ਨੂੰ ਅੱਗ ਲਾਉਣਾ ਉਸਦੀ ਦੀ ਮਜ਼ਬੂਰੀ ਬਣ ਜਾਂਦੀ ਹੈ ।
ਹਰ ਖੇਤਰ ਵਿੱਚ ਕਿਸਾਨਾਂ ਨਾਲ ਕੀਤਾ ਜਾਂਦਾ ਹੈ ਧੱਕਾ
ਹਰ ਖੇਤਰ ਵਿੱਚ ਕਿਸਾਨਾਂ ਨਾਲ ਧੱਕਾ ਕੀਤਾ ਜਾਂਦਾ ਹੈ । ਡੀ. ਏ. ਪੀ. ਖਾਦ (D. A. P. Fertilizer) ਦੇ ਨਾਲ ਬੇ-ਲੋੜੀਆਂ ਚੀਜ਼ਾਂ ਸੋਸਾਇਟੀਆਂ ਅਤੇ ਪ੍ਰਾਈਵੇਟ ਡੀਲਰਾਂ ਵੱਲੋਂ ਧੱਕੇ ਨਾਲ ਥੋਪੀਆਂ ਜਾ ਰਹੀਆਂ ਹਨ । ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਵੱਲੋਂ ਕੀਤੇ ਬੱਚੇ ‘ਤੇ ਤਸੱਦਦ ਅਤੇ ਬਾਅਦ ਵਿੱਚ ਕਤਲ ਦੀ ਘਟਨਾ ਨਿੰਦਣ ਯੋਗ ਹੈ ।
ਇਹੋ ਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਸਾਰੇ ਪ੍ਰਵਾਸੀ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ
ਇਹੋ ਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਸਾਰੇ ਪ੍ਰਵਾਸੀ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ । ਕਿਉਂਕਿ ਖੇਤੀਬਾੜੀ, ਉਦਯੋਗ ਅਤੇ ਹੋਰ ਵੀ ਬਹੁਤ ਸਾਰੇ ਖੇਤਰਾਂ ਵਿੱਚ ਪ੍ਰਵਾਸੀਆਂ ਦਾ ਬਹੁਤ ਯੋਗਦਾਨ ਹੈ । ਪੰਜਾਬ ਦੀ ਆਰਥਿਕਤਾ ਪ੍ਰਵਾਸੀ ਭਾਈਚਾਰੇ ਨਾਲ ਜੁੜੀ ਹੋਈ ਹੈ । ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਪੰਜਾਬ ਨੂੰ ਤਬਾਹ ਕਰਨ ਦੀ ਸਾਜਿਸ਼ ਹੈ ।
ਮੀਟਿੰਗ ਵਿਚ ਕੌਣ ਕੌਣ ਸੀ ਮੌਜੂਦ
ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੂਬਾ ਸਕੱਤਰ ਘੁੰਮਣ ਸਿੰਘ ਰਾਜਗੜ੍ਹ ਅਤੇ ਹਰਦੀਪ ਸਿੰਘ ਘਨੁੜਕੀ, ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ, ਲਾਭ ਸਿੰਘ ਦਿੱਤੂਪੁਰ, ਜਗਜੀਤ ਸਿੰਘ ਮੋਹਲਗੁਆਰਾ, ਗੁਰਪ੍ਰੀਤ ਸਿੰਘ ਘਣੀਵਾਲ, ਚਰਨਜੀਤ ਸਿੰਘ ਦੰਦਰਾਲਾ ਢੀਂਢਸਾ, ਪਰਵਿੰਦਰ ਸਿੰਘ ਬਨੇਰਾ, ਜਸਵਿੰਦਰ ਸਿੰਘ ਮੱਲੇਵਾਲ, ਇੰਦਰਜੀਤ ਸਿੰਘ ਸਹੌਲੀ ਅਤੇ ਹਰਿੰਦਰਜੀਤ ਸਿੰਘ ਲੁਬਾਣਾ ਦੇ ਨਾਮ ਜ਼ਿਕਰਯੋਗ ਹਨ । ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮੀਟਿੰਗ ਵਿੱਚ ਸਮੂਲੀਅਤ ਕੀਤੀ ।
Read More : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਵੱਡਾ ਐਲਾਨ,16 ਨੂੰ ਭਾਰਤ ਰਹੇਗਾ ਬੰਦ