ਬੀ. ਕੇ. ਆਈ. ਅੱਤਵਾਦੀ ਮਾਡਿਊਲ ਦਾ ਪਰਦਾਫਾਸ਼

0
49
B. K. I. Terrorist module busted

ਚੰਡੀਗੜ੍ਹ/ਫਿਰੋਜ਼ਪੁਰ, 14 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਹੁਕਮਾਂ ਅਨੁਸਾਰ ਆਜ਼ਾਦੀ ਦਿਹਾੜੇ ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਾਊਂਟਰ ਇੰਟੈਲੀਜੈਂਸ (ਸੀ. ਆਈ.) ਫਿਰੋਜ਼ਪੁਰ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਪਾਕਿ-ਆਈ. ਐਸ. ਆਈ. ਤੋਂ ਹਮਾਇਤ ਪ੍ਰਾਪਤ ਅੱਤਵਾਦੀ ਹਰਵਿੰਦਰ ਰਿੰਦਾ ਦੁਆਰਾ ਰਚੀ ਜਾ ਰਹੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ ।

ਦੋ ਗ੍ਰਨੇਡ ਅਤੇ ਇੱਕ ਪਿਸਤੌਲ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

ਡਾਇਰੈਕਟਰ ਜਨਰਲ ਆਫ਼ ਪੁਲਿਸ (Director General of Police) (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨ ਤਾਰਨ ਦੇ ਪਿੰਡ ਭੁੱਲਰ ਦੇ ਵਸਨੀਕ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਅਤੇ ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਦੇ ਵਸਨੀਕ ਗੁਲਸ਼ਨ ਸਿੰਘ ਉਰਫ਼ ਨੰਦੂ ਵਜੋਂ ਹੋਈ ਹੈ । ਪੁਲਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ 86ਪੀ ਹੈਂਡ ਗ੍ਰਨੇਡ, ਇੱਕ 9 ਐਮ. ਐਮ. ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ । ਇਹ ਸਫ਼ਲਤਾ ਆਜ਼ਾਦੀ ਦਿਵਸ ਦੀ ਪੂਰਵ-ਸੰਧਿਆ ‘ਤੇ ਸਾਹਮਣੇ ਆਈ ਹੈ ਅਤੇ ਇਸ ਤੋਂ ਦੋ ਦਿਨ ਪਹਿਲਾਂ ਪੰਜਾਬ ਪੁਲਸ ਨੇ ਰਾਜਸਥਾਨ ਦੇ ਟੋਂਕ ਅਤੇ ਜੈਪੁਰ ਜ਼ਿਲ੍ਹਿਆਂ ਤੋਂ ਤਿੰਨ ਨਾਬਾਲਗਾਂ ਸਮੇਤ ਪੰਜ ਕਾਰਕੁਨਾਂ ਨੂੰ ਇੱਕ 86 ਪੀ ਹੈਂਡ-ਗ੍ਰੇਨੇਡ ਅਤੇ ਇੱਕ .30 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਕੇ ਬੀਕੇਆਈ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗ੍ਰੇਨੇਡਾਂ ਨਾਲ ਸਰਕਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਸਨ : ਡੀ. ਜੀ. ਪੀ. ਗੌਰਵ ਯਾਦਵ

ਡੀ. ਜੀ. ਪੀ. ਗੌਰਵ ਯਾਦਵ (Gaurav Yadav) ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਯੂਕੇ, ਅਮਰੀਕਾ ਅਤੇ ਯੂਰਪ ਵਿੱਚ ਬੈਠੇ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਸਰਕਾਰੀ ਇਮਾਰਤਾਂ ਅਤੇ ਪੁਲਿਸ ਅਦਾਰਿਆਂ ਨੂੰ ਗ੍ਰੇਨੇਡਾਂ ਨਾਲ ਨਿਸ਼ਾਨਾ ਬਣਾਉਣ ਦੀ ਸਰਗਰਮੀ ਨਾਲ ਸਾਜ਼ਿਸ਼ ਰਚ ਰਹੇ ਸਨ । ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ ।

ਦੇਸ਼ ਦੇ ਅੰਦਰ ਅਤੇ ਬਾਹਰ ਮਾਡਿਊਲ ਦੇ ਸੰਪਰਕਾਂ ਦਾ ਪਤਾ ਲਾਉਣ ਲਈ ਹੋਰ ਜਾਂਚ ਜਾਰੀ : ਏ. ਆਈ. ਜੀ. ਸੀ. ਆਈ. ਫਿਰੋਜ਼ਪੁਰ ਗੁਰਸੇਵਕ ਸਿੰਘ

ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏ. ਆਈ. ਜੀ. ਸੀ. ਆਈ. ਫਿਰੋਜ਼ਪੁਰ (A. I. G. C. I. Ferozepur) ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਭਰੋਸੇਯੋਗ ਅਤੇ ਠੋਸ ਜਾਣਕਾਰੀ ਦੇ ਆਧਾਰ ‘ਤੇ ਸੀ. ਆਈ. ਫਿਰੋਜ਼ਪੁਰ ਦੀਆਂ ਟੀਮਾਂ ਨੇ ਇੱਕ ਖੁਫੀਆ ਆਪਰੇਸ਼ਨ ਚਲਾਇਆ ਅਤੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਤੋਂ ਸ਼ੱਕੀ ਵਿਅਕਤੀਆਂ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਅਤੇ ਗੁਲਸ਼ਨ ਸਿੰਘ ਉਰਫ਼ ਨੰਦੂ ਨੂੰ ਸਫ਼ਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ । ਏ. ਆਈ. ਜੀ. ਨੇ ਕਿਹਾ ਕਿ ਪੁਲਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਪੁੱਛਗਿੱਛ ਤੋਂ ਉਕਤ ਮੁਲਜ਼ਮਾਂ ਦੇ ਦੇਸ਼ ਦੇ ਅੰਦਰ ਅਤੇ ਬਾਹਰ ਦੇ ਸੰਪਰਕਾਂ ਅਤੇ ਉਨ੍ਹਾਂ ਵੱਲੋਂ ਮਿੱਥੇ ਗਏ ਟੀਚਿਆਂ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ । ਇਸ ਸਬੰਧ ਵਿੱਚ ਅਸਲਾ ਐਕਟ (Arms Act) ਦੀ ਧਾਰਾ 25 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, ਅਤੇ 5 ਤਹਿਤ ਪੁਲਸ ਥਾਣਾ ਐਸ. ਐਸ. ਓ. ਸੀ. ਫਾਜ਼ਿਲਕਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ ।

Read More : ਅੰਮ੍ਰਿਤਸਰ ਪੁਲਸ ਵਲੋਂ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ : ਡੀ. ਜੀ. ਪੀ. ਪੰਜਾਬ

LEAVE A REPLY

Please enter your comment!
Please enter your name here