ਏ. ਟੀ. ਐੱਮ. ਵਿੱਚੋਂ ਜਦੋਂ ਲੋਕ ਪੈਸੇ ਕਢਵਾਉਣ ਜਾਂਦੇ ਹਨ ਤਾਂ ਪੈਸੇ ਨਾ ਮਿਲਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਏ. ਟੀ. ਐੱਮ. ਬੂਥ ‘ਤੇ ਜਾਂਦੇ ਹੋ ਅਤੇ ਤੁਹਾਨੂੰ ਇਸ ਵਿਚ ਪੈਸੇ ਨਹੀਂ ਮਿਲਦੇ। ਹੁਣ ਇਹ ਸਮੱਸਿਆ 1 ਅਕਤੂਬਰ ਤੋਂ ਬਹੁਤੀ ਹੱਦ ਤੱਕ ਖ਼ਤਮ ਹੋ ਸਕਦੀ ਹੈ।
ਇਸ ਲਈ ਰਿਜ਼ਰਵ ਬੈਂਕ ਏ. ਟੀ. ਐੱਮ. ਵਿਚ ਨਕਦੀ ਨਾ ਮਿਲਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਬੈਂਕਾਂ ‘ਤੇ ਲਗਾਮ ਕੱਸਣ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਹੁਣ ਏ. ਟੀ. ਐੱਮ. ਵਿਚ ਸਮੇਂ ‘ਤੇ ਪੈਸੇ ਨਹੀਂ ਪਾਉਣ ਵਾਲੇ ਸੰਬੰਧਤ ਬੈਂਕ ‘ਤੇ 10,000 ਰੁਪਏ ਦਾ ਜੁਰਮਾਨਾ ਲਗਾਵੇਗਾ।
ਭਾਰਤੀ ਰਿਜ਼ਰਵ ਬੈਂਕ ਕਿਸੇ ਇੱਕ ਮਹੀਨੇ ਵਿਚ ਏ. ਟੀ. ਐੱਮ. ਵਿਚ 10 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਨਕਦੀ ਨਾ ਰਹਿਣ ‘ਤੇ ਸੰਬੰਧਤ ਬੈਂਕ ‘ਤੇ ਇਹ ਜੁਰਮਾਨਾ ਲਗਾਵੇਗਾ।
ਇਹ ਵਿਵਸਥਾ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗੀ। ਕੇਂਦਰੀ ਬੈਂਕ ਨੇ ਕਿਹਾ, ”ਏ. ਟੀ. ਐੱਮ. ਵਿਚ ਪੈਸੇ ਨਾ ਪਾਉਣ ਨੂੰ ਲੈ ਕੇ ਜੁਰਮਾਨਾ ਲਾਉਣ ਦੀ ਵਿਵਸਥਾ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਲੋਕਾਂ ਦੀ ਸੁਵਿਧਾ ਲਈ ਇਨ੍ਹਾਂ ਮਸ਼ੀਨਾਂ ਵਿਚ ਨਕਦੀ ਦੀ ਉਪਲੱਬਧਤਾ ਹੋਵੇ।” ਆਰ. ਬੀ. ਆਈ. ਨੇ ਕਿਹਾ ਕਿ ਇਸ ਨਾਲ ਬੈਂਕ, ਵ੍ਹਾਈਟਲੇਬਲ ਏ. ਟੀ. ਐੱਮ. ਸੰਚਾਲਕ ਨਕਦੀ ਦੀ ਉਪਲੱਬਧਾ ਨੂੰ ਲੈ ਕੇ ਆਪਣੀ ਪ੍ਰਣਾਲੀ ਨੂੰ ਮਜਬੂਤ ਬਣਾਉਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਮਸ਼ੀਨ ਵਿਚ ਪੈਸੇ ਸਮੇਂ ਸਿਰ ਪਾਏ ਜਾਣ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।