ਪਟਿਆਲਾ, 19 ਅਕਤੂਬਰ 2025 : ਪਟਿਆਲਾ ਸ਼ਹਿਰ ਵਾਸੀਆਂ ਨੂੰ ਥਾਂ-ਥਾਂ ਕੂੜਾ ਕਰਕਟ, ਪਲਾਸਟਿਕ ਦੇ ਲਿਫ਼ਾਫੇ ਤੇ ਹੋਰ ਗੰਦਗੀ ਫੈਲਾਉਣ ਤੋਂ ਰੋਕਣ ਲਈ ਜਾਗਰੂਕਤਾ ਫੈਲਾਉਣ ਲਈ ਸ਼ਹਿਰ ਦੇ ਸਮਾਜ ਸੇਵੀਆਂ ਤੇ ਸੁਚੇਤ ਨਾਗਰਿਕਾਂ ਵੱਲੋਂ ਪਟਿਆਲਾ ਨੂੰ ਸਾਫ਼-ਸੁਥਰਾ ਕਰਨ ਲਈ ਸ਼ੁਰੂ ਕੀਤੀ ”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” (“I will groom my Patiala myself”) ਮੁਹਿੰਮ ਨੇ ਅੱਜ ਆਪਣਾ ਇੱਕ ਮਹੀਨਾ ਸਫ਼ਲਤਾ ਪੂਰਵਕ ਪੂਰਾ ਕਰ ਲਿਆ ਹੈ । ਇਸ ਮੁਹਿੰਮ ਦੌਰਾਨ ਸ਼ਨੀਵਾਰ ਤੇ ਐਤਵਾਰ ਸਮੇਤ ਹੋਰ ਦਿਨਾਂ ਦੌਰਾਨ 11 ਮੁਹਿੰਮਾਂ ਚਲਾਈਆਂ ਗਈਆਂ ਅਤੇ ਕਰੀਬ 3500 ਕਿਲੋ ਪਲਾਟਿਕ ਦਾ ਕਚਰਾ ਇਕੱਠਾ ਕਰਕੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਗਿਆ ਹੈ ।
ਸ਼ਹਿਰ ਵਾਸੀਆਂ ਨੂੰ ”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਮੁਹਿੰਮ ਨਾਲ ਜੁੜਕੇ ਪਟਿਆਲਾ ਨੂੰ ਸਾਫ਼–ਸੁੱਥਰਾ ਬਣਾਉਣ ਦਾ ਸੱਦਾ
ਇਸ ਮੁਹਿੰਮ ਦਾ ਬੀੜਾ ਉਠਾਉਣ ਵਾਲੇ ਸ਼ਹਿਰ ਦੇ ਸੁਚੇਤ ਨਾਗਰਿਕਾਂ ਵਿਚ ਐਚ. ਪੀ. ਐਸ. ਲਾਂਬਾ ਸਮੇਤ ਕਰਨਲ ਕਰਮਿੰਦਰ ਸਿੰਘ, ਕਰਨਲ ਜੇ. ਵੀ, ਕਰਨਲ ਅਮਨ ਸੰਧੂ, ਨਵਰੀਤ ਸੰਧੂ, ਡਾ. ਅਵਨੀਤ ਰੰਧਾਵਾ, ਗਰਿਮਾ, ਵਰੁਣ ਮਲਹੋਤਰਾ, ਰਾਜੀਵ ਚੋਪੜਾ, ਗੁਰਮੀਤ ਸਿੰਘ ਸਡਾਣਾ, ਅਜੇਪਾਲ ਗਿੱਲ, ਇਰਾ ਗਿੱਲ, ਕਰਨਲ ਸਲਵਾਨ, ਕੈਪਟਨ ਸੁਖਜੀਤ , ਕਰਨਲ ਜਸਵਿੰਦਰ ਦੁਲਟ, ਗੁਰਪ੍ਰੀਤ ਦੁਲਟ, ਰਾਕੇਸ਼ ਕੱਦ, ਪ੍ਰਵੇਸ਼ ਮੰਗਲਾ, ਸੀਐਮ ਕੌੜਾ, ਜਸਵੀਰ ਭੰਗੂ, ਵਰੁਣ ਕੌਸ਼ਲ, ਰਿਸ਼ਭ, ਅਰਪਨਾ, ਅਰਪਿਤਾ ਸਾਹਨੀ, ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ, ਨਾਗੇਸ਼, ਬੀਰਗੁਰਿੰਦਰ ਸਿੰਘ ਸਮੇਤ 150 ਦੇ ਕਰੀਬ ਸੁਚੇਤ ਨਾਗਰਿਕ ਜੁੜ ਚੁੱਕੇ ਹਨ, ਜੋਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਸਿਰ ਜੋੜ ਕੇ ਹਰ ਹਫ਼ਤੇ ਨਿਰਸਵਾਰਥ ਸੇਵਾ ਕਰਦੇ ਹਨ ।
ਇੱਕ ਮਹੀਨੇ ਦੇ ਅੰਦਰ ਹੀ ਮੁਹਿੰਮ ਨੇ 11 ਸਫ਼ਾਈ ਮੁਹਿੰਮਾਂ ਚਲਾਕੇ 3500 ਕਿੱਲੋਗ੍ਰਾਮ ਦੇ ਕਰੀਬ ਪਲਾਟਿਕ ਤੇ ਹੋਰ ਕਚਰਾ ਇਕੱਠਾ ਕਰਕੇ ਸ਼ਹਿਰ ਦੀਆਂ ਅਹਿਮ ਥਾਵਾਂ ਕੀਤੀਆਂ ਸਾਫ਼
ਐਚ. ਪੀ. ਐਸ. ਲਾਂਬਾ (H. P. S. Lamba) ਨੇ ਦੱਸਿਆ ਕਿ ਪਿਛਲੇ ਹਫ਼ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੀ ਉਨ੍ਹਾਂ ਦੀ ਇਸ ਮੁਹਿੰਮ ਦਾ ਹਿੱਸਾ ਬਣੇ ਸਨ, ਜਿਸ ਨਾਲ ਉਨ੍ਹਾਂ ਨੂੰ ਹੋਰ ਵੀ ਉਤਸ਼ਾਹ ਮਿਲਿਆ ਸੀ, ਪਰੰਤੂ ਉਹ ਚਾਹੁੰਦੇ ਹਨ, ਕਿ ਨਗਰ ਨਿਗਮ ਦੀ ਟੀਮ ਵੀ ਉਨ੍ਹਾਂ ਦੇ ਨਾਲ ਲਗਾਤਾਰ ਹਿੱਸਾ ਲਵੇ ਤਾਂ ਕਿ ਉਨ੍ਹਾਂ ਵਲੋਂ ਇਕੱਠੇ ਕੀਤੇ ਗਏ ਕੂੜੇ ਨੂੰ ਅਗਲੇਰੇ ਨਿਪਟਾਰੇ ਹਿਤ ਅੱਗੇ ਭੇਜਿਆ ਜਾ ਸਕੇ । ਇਸ ਤੋਂ ਬਿਨ੍ਹਾਂ ਆਮ ਲੋਕ ਵੀ ਸੁਚੇਤ ਹੋ ਜਾਣ ਅਤੇ ਹਰ ਜਗ੍ਹਾ ਪਲਾਸਟਿਕ ਦੇ ਲਿਫਾਫੇ ਤੇ ਖਾ ਪੀ ਕੇ ਕਚਰਾ ਤੇ ਰੈਪਰ ਆਦਿ ਥਾਂ-ਥਾਂ ਨਾ ਸੁੱਟਣ ਕਿਉਂਕਿ ਪੋਲੀਥੀਨ ਦੇ ਲਿਫਾਫੇ ਸਦੀਆਂ ਤੱਕ ਗਲਦੇ ਸੜਦੇ ਨਹੀਂ ਅਤੇ ਸਾਡੇ ਵਾਤਾਵਰਣ ਨੂੰ ਖਰਾਬ ਕਰਦੇ ਰਹਿੰਦੇ ਹਨ ਅਤੇ ਨਾਲ ਹੀ ਸਾਡੇ ਸ਼ਹਿਰ ਨੂੰ ਵੀ ਬਦਸੂਰਤ ਬਣਾਉਂਦੇ ਹਨ । ਉਨ੍ਹਾਂ ਦੱਸਿਆ ਕਿ ਅੱਜ ਸਰਕਟ ਹਾਊਸ ਨੇੜੇ ਸਫ਼ਾਈ ਮੁਹਿੰਮ ਚਲਾਈ ਗਈ ਸੀ ।
ਸ਼ਹਿਰ ਵਾਸੀਆਂ ਨੂੰ ਥਾਂ-ਥਾਂ ਕੂੜਾ ਕਰਕਟ ਸੁੱਟਣ ਤੋਂ ਰੋਕਣ ਲਈ ਜਾਗਰੂਕ ਕਰਕੇ ਪਟਿਆਲਾ ਨੂੰ ਕੂੜਾ ਮੁਕਤ ਕਰਨਾ ਮੁੱਖ ਟੀਚਾ
ਕਰਨਲ ਜੇ. ਵੀ. (Colonel J. V.) ਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਪੋਲੋ ਗਰਾਊਂਡ, ਪਾਸੀ ਰੋਡ, ਡੀ. ਸੀ. ਦਫ਼ਤਰ ਵਾਲੀ ਸੜਕ ਸਮੇਤ ਬਾਰਾਂਦਰੀ ਤੇ ਸਰਕਟ ਹਾਊਸ ਨੇੜਲੀਆਂ ਥਾਵਾਂ ਤੋਂ 3500 ਕਿੱਲੋਗਰਾਮ (3500 kilograms) ਦੇ ਕਰੀਬ ਪਲਾਸਟਿਕ ਦਾ ਕੂੜਾ ਕਚਰਾ ਇਕੱਠਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਕੂੜਾ ਅਸੀਂ ਸ਼ਹਿਰ ਵਾਸੀਆਂ ਨੇ ਹੀ ਸੁੱਟਿਆ ਹੈ ਅਤੇ ਸਾਨੂੰ ਹੀ ਸਾਫ਼ ਕਰਨਾ ਪਵੇਗਾ । ਉਨ੍ਹਾਂ ਆਮ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ਹਰ ਹਫ਼ਤੇ ਕੁਝ ਸਮਾਂ ਕੱਢ ਕੇ ਆਪਣੇ ਸ਼ਹਿਰ ਨੂੰ ਸਾਫ਼ ਕਰਨ ਲਈ ਮੇਰਾ ਪਟਿਆਲਾ ਮੈਂ ਹੀ ਸੰਵਾਰਾਂ ਮੁਹਿੰਮ ਨਾਲ ਜੁੜਨ ਅਤੇ ਪਟਿਆਲਾ ਨੂੰ ਸਾਫ਼-ਸੁਥਰਾ ਬਣਾਉਣ ਲਈ ਆਪਣਾ ਯੋਗਦਾਨ ਜਰੂਰ ਪਾਉਣ ।
Read More : ਕੂੜੇ ਦੇ ਢੇਰਾਂ ਕਾਰਨ ਲੋਕ ਨਰਕ ਭਰੀ ਜਿ਼ੰਦਗੀ ਜਿਊਣ ਨੂੰ ਹੋਏ ਮਜ਼ਬੂਰ