ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਹੋਵੇਗੀ ਅਹਿਮ ਮੀਟਿੰਗ , ਚੋਣ ਨਤੀਜਿਆਂ ‘ਤੇ ਹੋਵੇਗੀ ਚਰਚਾ
ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਜਿਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਬਾਅਦ ਦੁਪਹਿਰ 3 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਵੇਗੀ | ਇਸ ਵਿੱਚ ਸਾਰੇ ਜ਼ਿਲ੍ਹਿਆਂ ਤੋਂ ਮੈਂਬਰ ਹਾਜ਼ਰ ਹੋਣਗੇ। ਦੱਸ ਦਈਏ ਕਿ ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਦੀ ਇਹ ਪਹਿਲੀ ਮੀਟਿੰਗ ਹੈ।
ਚੋਣ ਨਤੀਜਿਆਂ ਬਾਰੇ ਕੀਤੀ ਜਾਵੇਗੀ ਚਰਚਾ
ਪਾਰਟੀ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਸੀਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਚੋਣ ਨਤੀਜਿਆਂ ਬਾਰੇ ਚਰਚਾ ਕੀਤੀ ਜਾਵੇਗੀ। ਨਾਲ ਹੀ ਪਾਰਟੀ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੇਸ਼ ‘ਚ ਚੱਲ ਰਹੇ ਸਿਆਸੀ ਹਾਲਾਤ ‘ਤੇ ਵੀ ਚਰਚਾ ਹੋਵੇਗੀ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਕ ਪੋਸਟ ਵੀ ਸ਼ੇਅਰ ਕੀਤੀ ਸੀ।
ਇਹ ਵੀ ਪੜ੍ਹੋ :NEET ਪ੍ਰੀਖਿਆ ‘ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ , ਦੁਬਾਰਾ ਪੇਪਰ ਦੇਣ ਲਈ ਹੋ ਜਾਓ ਤਿਆਰ !
ਪਾਰਟੀ ਨੂੰ ਸਿਰਫ ਇਕ ਸੀਟ ‘ਤੇ ਮਿਲੀ ਸਫਲਤਾ
ਇਸ ਵਾਰ ਪਾਰਟੀ ਨੇ ਸਾਰੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਸਨ। ਜਿਸ ਵਿੱਚ ਪਾਰਟੀ ਨੂੰ ਸਿਰਫ ਇਕ ਸੀਟ ‘ਤੇ ਸਫਲਤਾ ਮਿਲੀ ਹੈ । ਇਸ ਦੇ ਨਾਲ ਹੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੀਆਂ ਸਨ। ਕਿਉਂਕਿ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਉਨ੍ਹਾਂ ਦੀ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ | ਪਾਰਟੀ ਸਿਰਫ਼ ਬਠਿੰਡਾ ਲੋਕ ਸਭਾ ਸੀਟ ਹੀ ਜਿੱਤ ਸਕੀ ਹੈ। ਜਿੱਥੋਂ ਹਰਸਿਮਰਤ ਕੌਰ ਨੇ ਚੋਣ ਜਿੱਤੀ, ਜਦਕਿ ਪਾਰਟੀ ਨੂੰ ਹੋਰ 12 ਸੀਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ।