ਧੁੰਦ ਕਾਰਨ ਅੰਮ੍ਰਿਤਸਰ ‘ਚ ਵਿਜ਼ੀਬਿਲਟੀ ਜ਼ੀਰੋ, ਕਈ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਗਈਆਂ ਡਾਇਵਰਟ
ਅੰਮ੍ਰਿਤਸਰ, 4 ਜਨਵਰੀ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੀਤੀ ਸ਼ਾਮ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਤੋਂ ਬਾਅਦ ਅੱਧੀ ਰਾਤ ਤੋਂ ਅੰਮ੍ਰਿਤਸਰ ਅਤੇ ਪਠਾਨਕੋਟ ‘ਚ ਵਿਜ਼ੀਬਿਲਟੀ ਜ਼ੀਰੋ ‘ਤੇ ਪਹੁੰਚ ਗਈ। ਇਸ ਦੇ ਨਾਲ ਕਈ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
ਉਡਾਣਾਂ ਦੀ ਆਵਾਜਾਈ ‘ਚ ਵਿਘਨ
ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਡਾਣਾਂ ਦੀ ਆਵਾਜਾਈ ‘ਚ ਵਿਘਨ ਪਿਆ ਹੈ। ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬੈਂਕਾਕ ਤੋਂ ਆ ਰਹੀ ਫਲਾਈਟ ਅੰਮ੍ਰਿਤਸਰ ‘ਚ ਨਹੀਂ ਉਤਰ ਸਕੀ ਅਤੇ ਇਸ ਨੂੰ ਲਖਨਊ ਵੱਲ ਡਾਇਵਰਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਨੂੰ ਵੀ ਦਿੱਲੀ ਭੇਜਿਆ ਗਿਆ।
ਮੀਂਹ ਅਤੇ ਹਨੇਰੀ ਦੀ ਸੰਭਾਵਨਾ
ਦੱਸ ਦਈਏ ਕਿ ਪੰਜਾਬ-ਚੰਡੀਗੜ੍ਹ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅੱਜ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰ ਮੌਸਮ ਵਿਭਾਗ ਅਨੁਸਾਰ ਅੱਜ ਰਾਤ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਜਿਸ ਕਾਰਨ 5-6 ਦਸੰਬਰ ਨੂੰ ਪੰਜਾਬ ਵਿੱਚ ਮੀਂਹ ਅਤੇ ਹਨੇਰੀ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਵੀ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲ ਸਕਦੇ ਹਨ।