ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਉਨਾਂ ਤਿੰਨ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ, ਜੋ ਕਿ ਹਾਲ ਹੀ ਵਿੱਚ ਆਏ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਪਹਿਲੇ ਤਿੰਨ ਸਥਾਨਾਂ ਉੱਤੇ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਇਹਨਾਂ ਤਿੰਨ ਬੱਚੀਆਂ, ਉਹਨਾਂ ਦੇ ਮਾਪਿਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ ਦਫਤਰ ਬੁਲਾਇਆ। ਇਸ ਦੌਰਾਨ ਉਨ੍ਹਾਂ ਜਿੱਥੇ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਮਾਰਗ ਦਰਸ਼ਨ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਉਥੇ 5100- 5100 ਰੁਪਏ ਅਤੇ ਤੋਹਫੇ ਦੇ ਕੇ ਬੱਚੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਹਨਾਂ ਵਿਦਿਆਰਥਣਾਂ ਵਿੱਚ ਪਹਿਲੇ ਸਥਾਨ ਉੱਤੇ ਰਹੀ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ ਦੀ ਵਿਦਿਆਰਥਣ ਪਰੀ, ਦੂਸਰੇ ਸਥਾਨ ਉੱਤੇ ਰਹੀ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੀ ਵਿਦਿਆਰਥਣ ਪ੍ਰਾਚੀ ਰਾਣਾ ਅਤੇ ਤੀਸਰੇ ਸਥਾਨ ਉੱਤੇ ਰਹੀ ਪੰਜ ਆਬ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਸੂਹੀਆ ਕਲਾਂ ਦੀ ਵਿਦਿਆਰਥਣ ਗੌਰਵੀ ਸ਼ਰਮਾ ਸ਼ਾਮਿਲ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਭਵਿੱਖ ਦੀ ਪੜ੍ਹਾਈ ਨੂੰ ਲੈ ਕੇ ਸਵਾਲ ਕੀਤਾ ਤਾਂ ਵਿਦਿਆਰਥਣਾਂ ਨੇ ਬੜੇ ਸਪਸ਼ਟ ਰੂਪ ਵਿੱਚ ਆਪਣੇ ਮਿਥੇ ਹੋਏ ਨਿਸ਼ਾਨੇ ਦੱਸੇ, ਜਿਸ ਤੋਂ ਖੁਸ਼ ਹੁੰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬੱਚੀਆਂ ਜਿਨਾਂ ਨੇ ਹੁਣ ਤੋਂ ਹੀ ਆਪਣਾ ਨਿਸ਼ਾਨਾ ਧਾਰ ਲਿਆ ਹੈ, ਜ਼ਰੂਰ ਕਾਮਯਾਬ ਹੋਣਗੀਆਂ। ਉਹਨਾਂ ਨੇ ਮਾਪਿਆਂ ਨੂੰ ਵੀ ਵਧਾਈਆਂ ਦਿੱਤੀਆਂ ਅਤੇ ਬੱਚੀਆਂ ਦੇ ਬਿਹਤਰੀਨ ਪਾਲਣ ਪੋਸ਼ਣ ਦੀ ਸਰਾਹਨਾ ਵੀ ਕੀਤੀ ।