ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਆ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਮੁੱਖ ਦਫ਼ਤਰ ਚੰਡੀਗੜ੍ਹ ’ਚ 3 ਘੰਟੇ ਰਹਿਣਗੇ। ਭਾਜਪਾ ਸੂਬਾ ਜਨਰਲ ਜੀਵਨ ਗੁਪਤਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਦੁਪਹਿਰ 3 ਵਜੇ ਸੂਬਾ ਭਾਜਪਾ ਮੁੱਖ ਦਫ਼ਤਰ, ਸੈਕਟਰ-37ਏ ਚੰਡੀਗੜ੍ਹ ਪਹੁੰਚਣਗੇ ਅਤੇ ਸ਼ਾਮ 6 ਵਜੇ ਤੱਕ ਮੁੱਖ ਦਫ਼ਤਰ ਵਿਚ ਹੀ ਰਹਿਣਗੇ।
ਉਹ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ’ਚ ਸੂਬਾ ਭਾਜਪਾ ਅਹੁਦੇਦਾਰਾਂ, ਸੂਬਾ ਕੋਰ ਗਰੁੱਪ, ਪੰਜਾਬ ਭਰ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਮੋਰਚਾ ਪ੍ਰਧਾਨਾਂ ਨਾਲ ਬੈਠਕ ਕਰਨਗੇ। ਅਮਿਤ ਸ਼ਾਹ ਜਿੱਥੇ ਇਸ ਬੈਠਕ ਵਿਚ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ’ਤੇ ਅਹੁਦੇਦਾਰਾਂ ਨਾਲ ਸੰਖੇਪ ਚਰਚਾ ਕਰਨਗੇ, ਉੱਥੇ ਹੀ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕਰਨਗੇ।
ਸੂਤਰਾਂ ਅਨੁਸਾਰ ਬਠਿੰਡਾ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਨਾਲ ਸਬੰਧਿਤ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਸੂਬੇ ਦੇ ਅਨੇਕਾਂ ਸੀਨੀਅਰ ਭਾਜਪਾ ਨੇਤਾਵਾਂ ਨੇ ਪਾਰਟੀ ਹਾਈਕਮਾਨ ਸਾਹਮਣੇ ਇਸ ਦਾ ਵਿਰੋਧ ਪ੍ਰਗਟਾਇਆ ਹੈ ਪਰ ਭਾਜਪਾ, ਜੋ ਕਾਂਗਰਸ-ਮੁਕਤ ਭਾਰਤ ਵੱਲ ਵਧ ਰਹੀ ਹੈ, ਇਨ੍ਹਾਂ ਸਾਬਕਾ ਮੰਤਰੀਆਂ ਤੇ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਦੇ ਮਿਸ਼ਨ ’ਤੇ ਅੱਗੇ ਵਧਣਾ ਚਾਹੁੰਦੀ ਹੈ। ਅਮਿਤ ਸ਼ਾਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰ ਸਕਦੇ ਹਨ।








