ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਉੱਤੇ ਸਰਹੱਦੀ ਖੇਤਰਾਂ ਵਿੱਚ ਰਹਿ ਰਹੇ ਵਾਸੀਆਂ ਅਤੇ ਮੌਜੂਦਾ ਹਾਲਤ ਦੌਰਾਨ ਕੀਤੇ ਗਏ ਸੰਕਟ ਕਾਲੀਨ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਉੱਤੇ ਅੰਮ੍ਰਿਤਸਰ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮਹਿੰਦਰ ਭਗਤ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਜੂਦਾ ਹਾਲਾਤ ਅਤੇ ਤਿਆਰੀਆਂ ਦਾ ਵਿਸਥਾਰ ਵਿੱਚ ਜਾਇਜ਼ਾ ਲਿਆ।
ਉਹਨਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਹਰੇਕ ਤਰ੍ਹਾਂ ਦੇ ਸੰਭਾਵੀ ਪ੍ਰਬੰਧਾਂ ਲਈ ਬਿਲਕੁਲ ਤਿਆਰ ਹੈ ਅਤੇ ਅੰਮ੍ਰਿਤਸਰ ਵਿੱਚ ਡਾਕਟਰੀ ਸਹਾਇਤਾ ਦੇ ਨਾਲ ਨਾਲ ਹੋਰ ਲੋੜੀਂਦੇ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ । ਉਹਨਾਂ ਕਿਹਾ ਕਿ ਹੰਗਾਮੀ ਹਾਲਤ ਦੌਰਾਨ ਨਿੱਜੀ ਹਸਪਤਾਲਾਂ ਵਿੱਚ ਇਲਾਜ ਲਈ ਪਹੁੰਚੇ ਜਖਮੀਆਂ ਦਾ ਇਲਾਜ ਵੀ ਹਸਪਤਾਲ ਯਕੀਨੀ ਬਣਾਉਣਗੇ ਅਤੇ ਜੋ ਵੀ ਨਿੱਜੀ ਹਸਪਤਾਲ ਇਸ ਵਿੱਚ ਢਿੱਲ ਮੱਠ ਵਿਖਾਏਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਖੇਤੀ ਸੈਕਟਰ ਦੀ ਲੋੜ ਨੂੰ ਸਮਝਦਿਆਂ ਹੋਇਆਂ ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਕਿ ਰਾਤ ਨੂੰ ਬਲੈਕ ਆਊਟ ਹੋਣ ਕਾਰਨ ਖੇਤੀ ਸੈਕਟਰ ਨੂੰ ਬਿਜਲੀ ਨਹੀਂ ਮਿਲ ਰਹੀ, ਇਸ ਲਈ ਉਹਨਾਂ ਨੂੰ ਦਿਨ ਵੇਲੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਪਸ਼ਟ ਕੀਤਾ ਕਿ ਸਰਕਾਰ ਅਜਿਹੇ ਮੌਕੇ ਉੱਤੇ ਕਾਲਾ ਬਾਜ਼ਾਰੀ ਅਤੇ ਜਮਾਂ ਖੋਰੀ ਕਰਨ ਵਾਲੇ ਕਾਰੋਬਾਰੀਆਂ ਉੱਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਾਡੀਆਂ ਟੀਮਾਂ ਲਗਾਤਾਰ ਇਸ ਜਾਂਚ ਵਿੱਚ ਜੁੱਟੀਆਂ ਹੋਈਆਂ ਹਨ ਤਾਂ ਜੋ ਕੋਈ ਵੀ ਵਿਅਕਤੀ ਮੌਕੇ ਦਾ ਗਲਤ ਫਾਇਦਾ ਨਾ ਲਵੇ।
ਉਹਨਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਰਹੱਦੀ ਖੇਤਰ ਵਿੱਚ ਜਾ ਕੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਉਹਨਾਂ ਦੇ ਰੈਅ ਵੀ ਲਵਾਂਗੇ ਅਤੇ ਉਹਨਾਂ ਲਈ ਜੋ ਵੀ ਲੋੜ ਹੋਈ ਪ੍ਰਬੰਧ ਕਰਾਂਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਜਿੱਥੇ ਆਪਣੇ ਵਾਸੀਆਂ ਦੇ ਨਾਲ ਖੜੀ ਹੈ ਉੱਥੇ ਦੇਸ਼ ਦੀ ਸਰਹੱਦ ਉੱਤੇ ਜੂਝ ਰਹੇ ਫੌਜੀ ਜਵਾਨਾਂ ਨੂੰ ਵੀ ਸਲੂਟ ਕਰਦੀ ਹੈ।