AAP ਆਗੂ Raghav Chadha ਨੇ CM Channi ਨੂੰ ਦਿੱਤੀ ਚੁਣੌਤੀ

0
129

ਐਸ.ਸੀ ਵਰਗ ਨੂੰ 5-5 ਮਰਲਿਆਂ ਦੇ ਪਲਾਟ ਅਤੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੇਵੇ ਚੰਨੀ ਸਰਕਾਰ : ਰਾਘਵ ਚੱਢਾ

ਕਿਹਾ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਸ.ਸੀ ਵਰਗ ਦੇ ਹਮਦਰਦ ਹੋਣ ਦਾ ਕਰ ਰਹੇ ਨੇ ਡਰਾਮਾ

ਕਾਂਗਰਸ ਨੇ ਐਸ.ਸੀ ਵਰਗ ਨੂੰ ਹਮੇਸ਼ਾਂ ਵੋਟ ਬੈਂਕ ਵਜੋਂ ਹੀ ਵਰਤਿਆ: ਚੱਢਾ

‘ਆਪ’ ਦੀ ਸਰਕਾਰ ਬਣਨ ’ਤੇ ਐਸ.ਸੀ ਵਰਗ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਚੰਗੀਆਂ ਯੋਜਨਾਵਾਂ ਲਾਗੂ ਕਰਾਂਗੇ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਜਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਹੈ ਕਿ ਅਨੁਸੂਚਿਤ ਜਾਤੀਆਂ (ਐਸ.ਸੀ ਵਰਗ) ਦੇ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਅਤੇ ਕਰੋਨਾ ਮਹਾਮਾਰੀ ਸਮੇਤ ਹੋਰ ਡਿਊਟੀਆਂ ਨਿਭਾਉਂਦਿਆਂ ਜਾਨਾਂ ਵਾਰਨ ਵਾਲੇ ਮੁਲਾਜ਼ਮਾਂ ਖ਼ਾਸ ਕਰਕੇ ਦਲਿਤ ਵਰਗ ਦੇ ਮੁਲਾਜ਼ਮਾਂ 1-1 ਕਰੋੜ ਰੁਪਏ ਦੀ ਆਰਥਿਕ ਮਦਦ ਤੁਰੰਤ ਦੇਣ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਚੰਨੀ ਅਜਿਹਾ ਨਹੀਂ ਕਰਦੇ ਤਾਂ 2022 ਦੀਆਂ ਚੋਣਾ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ’ਚ ਸਰਕਾਰ ਬਣਾ ਕੇ ਅਰਵਿੰਦ ਕੇਜਰੀਵਾਲ ਐਸ.ਸੀ ਵਰਗ ਦੇ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਅਤੇ ਨੌਕਰੀਆਂ ਦੌਰਾਨ ਹੋਣ ਸ਼ਹੀਦ ਹੋਣ ਵਾਲੇ ਸਾਰੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਦੇਣਗੇ।

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ‘ਆਪ’ ਆਗੂ ਰਾਘਵ ਚੱਢਾ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਅਤੇ ਇਸ ਮੌਕੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਬੁਲਾਰੇ ਨੀਲ ਗਰਗ ਵੀ ਮੌਜ਼ੂਦ ਸਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਸ.ਸੀ ਵਰਗ ਦੇ ਹਮਦਰਦ ਹੋਣ ਦਾ ਡਰਾਮਾ ਕਰਦੇ ਹਨ, ਕਿਉਂਕਿ ਮੁੱਖ ਮੰਤਰੀ ਨੇ ਨਾ ਤਾਂ ਐਸ.ਸੀ ਵਰਗ ਦੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਅਤੇ ਨਾ ਹੀ ਐਸ.ਸੀ ਵਰਗ ਦੇ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਦਿੱਤੇ ਹਨ, ਜਦੋਂ ਕਿ ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾ ਸਮੇਂ ਆਪਣੇ ਚੋਣ ਮਨੋਰਥ ਪੱਤਰ ’ਚ ਪਲਾਟ ਦੇਣ ਦਾ ਵਾਅਦਾ ਕੀਤਾ ਸੀ।’’

ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ‘ਆਪ’ ਸੁਪਰੀਮੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਐਸ.ਸੀ ਵਰਗ ਦੇ ਸੱਚੇ ਹਮਦਰਦ ਅਤੇ ਸ਼ੁੱਭਚਿੰਤਕ ਹਨ ਕਿਉਂਕਿ ਉਨ੍ਹਾਂ ਕਰੋਨਾ ਮਹਾਮਾਰੀ ਸਮੇਤ ਹੋਰ ਡਿਊਟੀਆਂ ਨਿਭਾਉਂਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਐਸ.ਸੀ. ਵਰਗ ਦੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੀ ਮਦਦ ਦਿੱਤੀ ਹੈ। ਇੱਥੋਂ ਤੱਕ ਕਿ ਕੋਰੋਨਾ ਮਹਾਮਾਰੀ ਦੌਰਾਨ ਜਾਨ ਗੁਆਉਣ ਵਾਲੀ ਸਫ਼ਾਈ ਸੇਵਕ ਔਰਤ ਮੁਲਾਜ਼ਮ ਦੇ ਪਰਿਵਾਰ ਨੂੰ ਵੀ ਇੱਕ ਕਰੋੜ ਰੁਪਏ ਦੀ ਮਦਦ ਦਿੱਤੀ ਗਈ। ਇਸ ਤੋਂ ਇਲਾਵਾ ਐਸ.ਸੀ ਵਰਗ ਦੇ ਬੱਚਿਆਂ ਨੂੰ ਉਚ ਪੱਧਰੀ ਨੌਕਰੀਆਂ ਪ੍ਰਾਪਤ ਕਰਨ ’ਚ ਮਦਦ ਲਈ ‘ਜੈ ਭੀਮ ਯੋਜਨਾ’ ਲਾਗੂ ਕੀਤੀ ਹੋਈ ਹੈ, ਜਿਸ ਅਧੀਨ ਆਈ.ਏ.ਐਸ, ਆਈ.ਪੀ.ਐਸ, ਆਈਆਈਟੀ ਅਤੇ ਹੋਰ ਪ੍ਰੀਖਿਆਵਾਂ ਦੀ ਮੁਫ਼ਤ ਤਿਆਰੀ ਕਰਵਾਈ ਜਾਂਦੀ ਹੈ ਅਤੇ ਬੱਚੇ ਨੂੰ ਖ਼ਰਚੇ ਲਈ ਵਿਸ਼ੇਸ਼ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਐਸ.ਸੀ ਵਰਗ ਦੇ ਬੱਚਿਆਂ ਨੂੰ ਵਿਦੇਸ਼ ਜਾਣ ’ਚ ਵੀ ਮਦਦ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਦਿੱਲੀ ’ਚ ਕੇਜਰੀਵਾਲ ਵੱਲੋਂ ਸਕੂਲ ਸਿੱਖਿਆ ਵਿੱਚ ਕੀਤੇ ਸੁਧਾਰਾਂ ਦਾ ਐਸ.ਸੀ.ਵਰਗ ਦੇ ਬੱਚਿਆਂ ਨੂੰ ਹੀ ਸਭ ਤੋਂ ਜ਼ਿਆਦਾ ਲਾਭ ਹੋਇਆ ਹੈ। ਰਾਘਵ ਚੱਢਾ ਨੇ ਦੋਸ਼ ਲਾਇਆ, ‘‘ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਸ.ਸੀ. ਵਰਗ ਨੂੰ ਇੱਕ ਵੋਟ ਵਜੋਂ ਹੀ ਵਰਤ ਰਹੇ ਹਨ, ਪਰ ਇਸ ਵਰਗ ਦੀ ਤਰੱਕੀ ਲਈ ਕੋਈ ਕੰਮ ਨਹੀਂ ਕਰ ਰਹੇ। ਜਦੋਂ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਸਮਰਪਿਤ ਭਾਵਨਾ ਨਾਲ ਐਸ.ਸੀ. ਵਰਗ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਹਨ। ਇਸੇ ਕਾਰਨ ਕਿਹਾ ਜਾਂਦਾ ਹੈ ਕਿ ‘ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।’’

ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੇ ਐਸ.ਸੀ. ਵਰਗ ਨੂੰ ਕੇਵਲ ਵੋਟ ਬੈਂਕ ਵਜੋਂ ਹੀ ਵਰਤਿਆ ਹੈ। ਪੰਜਾਬ ’ਚ ਐਸ.ਸੀ ਵਰਗ ਦੇ ਬੱਚਿਆਂ ਦਾ ਕਰੋੜਾਂ ਰੁਪਇਆ ਦਾ ਵਜ਼ੀਫ਼ਾ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਾ ਗਏ, ਚੰਨੀ ਸਰਕਾਰ ਕਥਿਤ ਦੋਸ਼ੀ ਮੰਤਰੀ ਖਿਲਾਫ਼ ਕਾਰਵਾਈ ਕਰਨ ਦੀ ਥਾਂ ਉਸ ਦਾ ਬਚਾਅ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ’ਚ ਐਸ.ਸੀ ਵਰਗ ਦੇ ਬੱਚਿਆਂ ਨੂੰ ਯੂਪੀਐਸਸੀ, ਪੀਪੀਐਸਸੀ ਅਤੇ ਹੋਰ ਮੁਕਾਬਲਿਆਂ ਦੀ ਤਿਆਰੀ ਲਈ ਚਲਾਏ ਜਾਂਦੇ ਸਿਖਲਾਈ ਕੇਂਦਰ ਬੰਦ ਹੋ ਗਏ ਹਨ। ਨਾ ਹੀ 2500 ਰੁਪਏ ਪੈਨਸ਼ਨ ਮਿਲ ਰਹੀ ਹੈ ਅਤੇ ਨਾ ਹੀ 51 ਹਜ਼ਾਰ ਰੁਪਏ ਦਾ ਸ਼ਗਨ ਮਿਲ ਰਿਹਾ ਹੈ। ਇਸ ਲਈ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਐਸ.ਸੀ ਵਰਗ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਚੰਗੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।

LEAVE A REPLY

Please enter your comment!
Please enter your name here