ਪਟਿਆਲਾ, 21 ਜੁਲਾਈ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ (Punjab Government) ਦੀ ਰਾਜ ਨੂੰ ਭੀਖ ਮੁਕਤ ਕਰਨ ਲਈ ਚਲਾਈ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਟਾਸਕ ਫੋਰਸ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਦੇ 19 ਬੱਚੇ ਬਚਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਾਲ ਭਿੱਖਿਆ ਦੀ ਭਿਆਨਕ ਸਮੱਸਿਆ ਦੇ ਖਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਦ੍ਰਿੜ ਸੰਕਲਪ ਹੈ, ਜਿਸ ਲਈ ਲਗਾਏ ਗਏ ਨੋਡਲ ਅਫ਼ਸਰਾਂ ਦੀ ਦੇਖ-ਰੇਖ ਹੇਠ ਜ਼ਿਲ੍ਹੇ ਭਰ ‘ਚ ਛਾਪਾਮਾਰੀ ਕੀਤੀ ਜਾਵੇਗੀ ।
ਜ਼ਿਲ੍ਹੇ ਭਰ ‘ਚ ਹੋਵੇਗੀ ਛਾਪਾਮਾਰੀ : ਡਾ. ਪ੍ਰੀਤੀ ਯਾਦਵ
ਡਾ. ਪ੍ਰੀਤੀ ਯਾਦਵ ਨੇ ਪ੍ਰਾਜੈਕਟ ਜੀਵਨਜੋਤ 2.0 ਨੂੰ ਲਾਗੂ ਕਰਨ ਸਮੇਤ ਜ਼ਿਲ੍ਹੇ ਨੂੰ ਭੀਖ ਮੁਕਤ ਬਣਾਉਣ (To make the district begging-free) ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹੇ ਅੰਦਰ ਬੱਚਿਆਂ ਦੀ ਤਸਕਰੀ ਨੂੰ ਰੋਕਣ ਲਈ ਭੀਖ ਮੰਗਦੇ ਫੜੇ ਗਏ ਸ਼ੱਕੀ ਬੱਚਿਆਂ ਦੇ ਡੀ. ਐਨ. ਏ. ਟੈਸਟ ਕਰਵਾਉਣ ਸਮੇਤ ਬਾਲ ਮਜ਼ਦੂਰੀ ਰੋਕਣ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਚੌਂਕਾਂ ਸਮੇਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਸਮੇਤ ਹੋਰ ਬਾਜ਼ਾਰਾਂ ਤੇ ਸੰਭਾਵਤ ਥਾਵਾਂ ‘ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਹਾ, ਬਾਲਾਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਨੂੰ ਬਾਲ ਭਿੱਖਿਆ ਤੋਂ ਮੁਕਤ (Free from child begging) ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ, ਇਸ ਲਈ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਕਿਸੇ ਵੀ ਬੱਚੇ ਨੂੰ ਭੀਖ ਨਾ ਦੇਣ ਸਗੋਂ ਜੇਕਰ ਕਿਤੇ ਅਜਿਹੇ ਬੱਚੇ ਭੀਖ ਮੰਗਦੇ ਨਜ਼ਰ ਆਉਣ ਤਾਂ ਚਾਈਲਡ ਹੈਲਪ ਲਾਈਨ 1098 ‘ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਅਜਿਹੇ ਬੱਚਿਆਂ ਨੂੰ ਤੁਰੰਤ ਸੁਰੱਖਿਆ, ਸੰਭਾਲ ਅਤੇ ਸੁਚੱਜਾ ਭਵਿੱਖ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਲ ਮਜ਼ਦੂਰੀ ਅਤੇ ਬਾਲਾਂ ਦੁਆਰਾ ਭੀਖ ਮੰਗਣ ਦੇ ਵਿਰੁੱਧ ਚਲਾਈ ਮੁਹਿੰਮ ਨੂੰ ਆਪਣਾ ਸਾਥ ਦੇਕੇ ਸਫ਼ਲ ਬਣਾਉਣ ਤਾਂ ਕਿ ਪਟਿਆਲਾ ਨੂੰ ਬਾਲ ਮਜ਼ਦੂਰੀ ਅਤੇ ਬਾਲ ਭੀਖ ਮੰਗਣ ਦੀ ਬੁਰਾਈ ਤੋਂ ਮੁਕਤ ਕਰਵਾਇਆ ਜਾ ਸਕੇ।
ਸ਼ੱਕ ਪੈਣ ‘ਤੇ ਡੀ. ਐਨ. ਏ. ਟੈਸਟ ਵੀ ਕਰਵਾਇਆ ਜਾਵੇਗਾ, ਸਾਰੇ ਪ੍ਰਬੰਧ ਮੁਕੰਮਲ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚੇ ਤਸਕਰੀ ਦਾ ਸੌਖਾ ਨਿਸ਼ਾਨਾ ਹੁੰਦੇ ਹਨ, ਇਸ ਲਈ ਬਾਲ ਤਸਕਰੀ ਦੇ ਨੈਟਵਰਕ ਨੂੰ ਤੋੜਨ ਲਈ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨਾ ਬਾਲ ਅਧਿਕਾਰਾਂ ਦੇ ਵੀ ਖ਼ਿਲਾਫ਼ ਹੈ, ਜਿਸ ਲਈ ਭੀਖ ਮੰਗਦੇ ਬੱਚਿਆਂ ਦੇ ਅਸਲ ਮਾਪਿਆਂ ਦੀ ਪਛਾਣ ਕਰਨ ਲਈ ਇਨ੍ਹਾਂ ਬੱਚਿਆਂ ਤੇ ਇਨ੍ਹਾਂ ਦੇ ਨਾਲ ਵਾਲੇ ਵਿਅਕਤੀ ਦੇ ਡੀ.ਐਨ.ਏ ਟੈਸਟ ਲਈ ਏ.ਡੀ.ਸੀ. (ਜ) ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ ਅਤੇ ਅਜਿਹੇ ਅਨਸਰਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਵੱਲੋਂ ਬਾਲ ਭਿਖਾਰੀ ਮੁਕਤ ਮੁਹਿੰਮ ਦਾ ਜਾਇਜ਼ਾ
ਡਾ. ਪ੍ਰੀਤੀ ਯਾਦਵ ਨੇ ਅੱਗੇ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸੀ.ਡੀ.ਪੀ.ਓਜ ਤੇ ਬਾਲ ਸੁਰੱਖਿਆ ਅਫ਼ਸਰਾਂ ‘ਤੇ ਅਧਾਰਤ ਟਾਸਕ ਫੋਰਸ ਵੱਲੋਂ ਇਨ੍ਹਾਂ ਬੱਚਿਆਂ ਨੂੰ ਬਚਾਅ ਕੇ ਬਾਲ ਭਲਾਈ ਕਮੇਟੀ ਦੇ ਸਨਮੁੱਖ ਪੇਸ਼ ਕਰਕੇ ਸਿਵਲ ਸਰਜਨ ਦਫ਼ਤਰ ਰਾਹੀਂ ਇਹ ਟੈਸਟ ਕਰਵਾਏ ਜਾਣਗੇ। ਜਦਕਿ ਬਚਾਏ ਗਏ ਇਨ੍ਹਾਂ ਬੱਚਿਆਂ ਨੂੰ ਬਾਲ ਘਰ ਤੇ ਐਸ.ਓ.ਐਸ. ਵਿਲੇਜ ਰਾਜਪੁਰਾ ਰੱਖਿਆ ਜਾਵੇਗਾ ਤੇ ਉਨ੍ਹਾਂ ਦੇ ਪੁਨਰ ਵਸੇਬੇ ਲਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Read More : ਡਿਪਟੀ ਕਮਿਸ਼ਨਰ ਵੱਲੋਂ ਦਿਹਾਤੀ ਖੇਤਰਾਂ ‘ਚ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ