
ਦੇਸ਼ ‘ਚ ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬਾਬਰੀ ਮਸਜਿਦ ਢਾਹੁਣ ਦੀ 29ਵੀਂ ਬਰਸੀ ’ਤੇ 6 ਦਸੰਬਰ ਨੂੰ ਮੇਰਠ ਸਮੇਤ 9 ਰੇਲਵੇ ਸਟੇਸ਼ਨਾਂ ਅਤੇ ਕਈ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਭਰੀ ਚਿੱਠੀ ਮਿਲੀ ਹੈ।ਇਸ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਹਾਈ ਅਲਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਈ ਸਟੇਸ਼ਨਾਂ ’ਤੋਂ ਲੰਘਣ ਵਾਲੀ ਹਰ ਇੱਕ ਗੱਡੀ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਨਾਮ ਚਿੱਠੀ ’ਚ ਦਿੱਤੇ ਗਏ ਹਨ।ਇਸ ਦੇ ਨਾਲ ਹੀ ਧਾਰਮਿਕ ਸਥਾਨਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਅਤੇ ਜੀ.ਆਰ.ਪੀ. ਥਾਣੇ ’ਚ ਅਣਪਛਾਤੇ ਵਿਅਕਤੀ ਵਿਰੁੱਧ ਰਿਪੋਰਟ ਵੀ ਦਰਜ ਕਰਵਾਈ ਗਈ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੰਗਲਵਾਰ ਦੇਰ ਸ਼ਾਮ ਮੇਰਠ ਸਿਟੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਦੇ ਨਾਮ ਡਾਕ ਰਾਹੀਂ ਭੇਜੀ ਗਈ ਚਿੱਠੀ ’ਚ ਧਮਕੀ ਦਿੱਤੀ ਗਈ ਹੈ ਕਿ ਆਉਣ ਵਾਲੀ 26 ਨਵੰਬਰ ਅਤੇ 6 ਦਸੰਬਰ ਨੂੰ ਅੱਤਵਾਦੀ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ। ਚਿੱਠੀ ’ਚ ਕਿਹਾ ਗਿਆ ਹੈ ਕਿ ਆਪਣੇ ਜਿੱਹਾਦੀ ਸਾਥੀਆਂ ਦੀ ਮੌਤ ਦਾ ਬਦਲਾ ਲੈਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਟੇਸ਼ਨ ਸੁਪਰਡੈਂਟ ਆਰ.ਪੀ. ਸਿੰਘ ਨੇ ਦੱਸਿਆ ਕਿ ਮੇਰਠ ਤੋਂ ਇਲਾਵਾ ਗਾਜ਼ੀਆਬਾਦ, ਹਾਪੁੜ, ਮੁਜ਼ੱਫਰਨਗਰ, ਅਲੀਗੜ੍ਹ, ਖੁਰਜਾ, ਕਾਨਪੁਰ, ਲਖਨਊ, ਸ਼ਾਹਜਹਾਂਪੁਰ ਅਤੇ ਪ੍ਰਯਾਗਰਾਜ ਦੇ ਨਾਮ ਚਿੱਠੀ ’ਚ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਆਉਣ ਵਾਲੀਆਂ ਕਈ ਰੇਲ ਗੱਡੀਆਂ ਦੀ ਚੰਗੀ ਤਰ੍ਹਾਂ ਚੈਕਿੰਗ ਕਾਰਵਾਈ ਕੀਤੀ ਜਾ ਰਹੀ ਹੈ। ਮੇਰਠ ਸਿਟੀ ਸਟੇਸ਼ਨ ਜੀ.ਆਰ.ਪੀ. ਇੰਚਾਰਜ ਵਿਜੇ ਕਾਂਤ ਸਤਿਆਰਥੀ ਦਾ ਕਹਿਣਾ ਹੈ ਕਿ ਬੰਬ ਡਿਸਪੋਜ਼ਲ ਟੀਮ ਨਾਲ ਸਟੇਸ਼ਨ ’ਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਟਲ ਡਿਟੈਕਟਰ ਦੀ ਮਦਦ ਨਾਲ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।