ਮੋਹਾਲੀ ਜ਼ਿਲ੍ਹੇ ’ਚ ਸ਼ਾਮਲ ਹੋਣਗੇ ਪਟਿਆਲਾ ਜ਼ਿਲ੍ਹੇ ਦੇ ਇਹ ਪਿੰਡ, ਕਵਾਇਦ ਸ਼ੁਰੂ

0
65

ਪਟਿਆਲਾ, 1 ਅਪ੍ਰੈਲ 2025 – ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤਹਿਸੀਲ ਦੇ ਅਧੀਨ ਪੈਂਦੇ 8 ਪਿੰਡ ਮਾਣਕਪੁਰ, ਲੇਹਲਾਂ, ਗੁਰਦਿੱਤਪੁਰਾ (ਨੱਤਿਆਂ), ਉੱਚਾ ਖੇੜਾ, ਖੇੜਾ ਗੱਜੂ, ਹਦਾਇਤਪੁਰਾ, ਉਰਨਾ ਤੇ ਚੰਗੇਰਾ ਜਲਦੀ ਹੀ ਪਟਿਆਲਾ ਜ਼ਿਲ੍ਹੇ ਤੋਂ ਮੋਹਾਲੀ ਜ਼ਿਲ੍ਹੇ ’ਚ ਸ਼ਾਮਲ ਹੋ ਜਾਣਗੇ। ਇਨ੍ਹਾਂ ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ਨਾਲ ਜੋੜਨ ਦੀ ਕਵਾਇਦ ਡਾਇਰੈਕਟਰ ਤੋਂ ਰਿਕਾਰਡ ਜਲੰਧਰ ਵੱਲ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਸਾਰੇ ਪਿੰਡਾਂ ਨੂੰ ਬਨੂੜ ਸਬ-ਤਹਿਸੀਲ ’ਚ ਸ਼ਾਮਲ ਕੀਤਾ ਜਾਵੇਗਾ।

ਇਸੇ ਲੜੀ ਅਧੀਨ ਬਨੂੜ ਨੂੰ ਸਬ-ਤਹਿਸੀਲ ਤੋਂ ਸਬ-ਡਵੀਜ਼ਨ ਬਣਾਏ ਜਾਣ ਦੀ ਵੀ ਤਜਵੀਜ਼ ਹੈ। ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਨੇ ਇਨ੍ਹਾਂ ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ’ਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੁਨਰਗਠਨ ਕਮੇਟੀ ਦੀ ਰਿਪੋਰਟ ਅਨੁਸਾਰ ਭੋਂ ਰਿਕਾਰਡ ਜਲੰਧਰ ਦੇ ਡਿਪਟੀ ਡਾਇਰੈਕਟਰ ਵੱਲੋਂ ਡੀ. ਸੀ. (ਪਟਿਆਲਾ) ਨੂੰ 21 ਫਰਵਰੀ 2025 ਨੂੰ ਪੱਤਰ ਲਿਖਿਆ ਗਿਆ।

ਇਹ ਵੀ ਪੜ੍ਹੋ: ਕਿਸ ਮਾਮਲੇ ‘ਚ ਹੋਈ ਹੈ ਪਾਸਟਰ ਬਜਿੰਦਰ ਸਿੰਘ ਨੂੰ ਉਮਰਕੈਦ ?, ਪੜ੍ਹੋ ਪੂਰਾ ਮਾਮਲਾ

ਇਸ ਪੱਤਰ ’ਚ ਪੁਨਰਗਠਨ ਕਮੇਟੀ ਦੇ ਅਧਿਆਏ 5 ਦੇ ਨੁਕਤਾ ਨੰਬਰ 51, 52 ਅਤੇ 5.3 ਅਨੁਸਾਰ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਤਾਜ਼ਾ ਮਤਿਆਂ, 3 ਰੰਗਦਾਰ ਤਸਦੀਕਸ਼ੁਦਾ ਪ੍ਰਿੰਟਿੰਗ ਨਕਸ਼ਿਆਂ ਸਣੇ 3 ਪਰਤਾਂ ’ਚ ਸਮੁੱਚੇ ਦਸਤਾਵੇਜ਼ ਕਮਿਸ਼ਨਰ ਪਟਿਆਲਾ ਮੰਡਲ ਦੀ ਸਿਫ਼ਾਰਸ਼ ਸਣੇ ਭੇਜਣ ਲਈ ਲਿਖਿਆ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸ ਪੱਤਰ ’ਤੇ ਕਾਰਵਾਈ ਕਰਦਿਆਂ 18 ਮਾਰਚ 2025 ਨੂੰ ਐੱਸ. ਡੀ. ਐੱਮ. ਰਾਜਪੁਰਾ ਨੂੰ ਸਬੰਧਤ ਪੱਤਰ ਭੇਜ ਕੇ 8 ਪਿੰਡਾਂ ਸਬੰਧੀ ਮੰਗੀ ਕਾਰਵਾਈ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਮੰਗੀ ਜਾਣਕਾਰੀ ਤਹਿਤ ਜ਼ਿਲ੍ਹਾ ਬਦਲੇ ਜਾਣ ਵਾਲੇ ਪਿੰਡ ਦਾ ਨਾਂ, ਹੱਦਬਸਤ ਨੰਬਰ, ਪਟਵਾਰ ਹਲਕਾ, ਕਾਨੂੰਨਗੋ ਰਕਬਾ, ਖੇਤਰਫਲ, ਆਬਾਦੀ, ਮਾਲੀਆ, ਥਾਣਾ ਅਤੇ ਡਾਕਘਰ ਆਦਿ ਦੇ ਵੇਰਵੇ ਵੀ ਮੰਗੇ ਗਏ ਹਨ। ਐੱਸ. ਡੀ. ਐੱਮ. ਵੱਲੋਂ ਇਸ ਸਬੰਧੀ ਤਹਿਸੀਲਦਾਰ ਰਾਜਪੁਰਾ ਨੂੰ ਲੋੜੀਂਦੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਵੱਲੋਂ ਪਟਵਾਰੀਆਂ ਰਾਹੀਂ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਕੋਲੋਂ ਮਤੇ ਅਤੇ ਹੋਰ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ। ਕਈ ਪਿੰਡਾਂ ਦੇ ਸਰਪੰਚਾਂ ਨੇ ਪਟਵਾਰੀਆਂ ਵੱਲੋਂ ਮਤੇ ਹਾਸਲ ਕਰਨ ਦੀ ਪੁਸ਼ਟੀ ਕੀਤੀ ਹੈ। ਸ਼ਾਮਲ ਹੋਣ ਵਾਲੇ ਇਨ੍ਹਾਂ 8 ਪਿੰਡਾਂ ਨੂੰ ਪਹਿਲਾਂ ਥਾਣਾ ਬਨੂੜ ਲੱਗਦਾ ਹੈ।

LEAVE A REPLY

Please enter your comment!
Please enter your name here