ਕੇਂਦਰੀ ਕਰਮਚਾਰੀਆਂ ਲਈ ਇੱਕ ਹੋਰ ਖੁਸ਼ਖਬਰੀ ਆਈ ਹੈ। ਪਿਛਲੇ ਡੇਢ ਸਾਲ ਤੋਂ ਮਹਿੰਗਾਈ ਭੱਤੇ ‘ਤੇ ਲੱਗੀ ਰੋਕ ਨੂੰ ਹਟਾਉਣ ਤੋਂ ਬਾਅਦ ਇਹ ਖੁਸ਼ਖਬਰੀ ਆਈ ਹੈ। ਸਰਕਾਰ ਨੇ ਹੁਣ ਕੇਂਦਰੀ ਕਰਮਚਾਰੀਆਂ ਦੇ ਐਚਆਰਏ (ਹਾਊਸ ਰੈਂਟ ਅਲਾਊਂਸ) ਵਿਚ ਵੀ ਸੋਧ ਕੀਤੀ ਹੈ। ਇਸ ਤੋਂ ਬਾਅਦ ਹੁਣ ਕਰਮਚਾਰੀਆਂ ਨੂੰ ਅਗਸਤ ਦੀ ਤਨਖਾਹ ਵਿੱਚ ਐਚਆਰਏ ਵਧ ਕੇ ਮਿਲੇਗਾ। ਸਰਕਾਰ ਦੇ ਆਦੇਸ਼ਾਂ ਅਨੁਸਾਰ ਐਚਆਰਏ ਨੂੰ ਵਧਾ ਦਿੱਤਾ ਗਿਆ ਹੈ ਕਿਉਂਕਿ ਮਹਿੰਗਾਈ ਭੱਤਾ 25 ਪ੍ਰਤੀਸ਼ਤ ਤੋਂ ਪਾਰ ਹੋ ਗਿਆ ਹੈ।
ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ 17% ਤੋਂ ਵਧਾ ਕੇ 28% ਕਰ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਕੇਂਦਰ ਸਰਕਾਰ ਨੇ ਮਕਾਨ ਕਿਰਾਇਆ ਭੱਤਾ ਵੀ ਵਧਾ ਕੇ 27% ਕਰ ਦਿੱਤਾ ਹੈ। ਦਰਅਸਲ, ਖਰਚਾ ਵਿਭਾਗ ਨੇ 7 ਜੁਲਾਈ, 2017 ਨੂੰ ਇਕ ਆਦੇਸ਼ ਜਾਰੀ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਜਦੋਂ ਮਹਿੰਗਾਈ ਭੱਤਾ 25% ਤੋਂ ਵੱਧ ਹੋ ਜਾਵੇਗਾ’ ਉਸ ਸਮੇਂ ਅੇਚਆਰਏ ’ਚ ਸੋਧ ਕੀਤੀ ਜਾਵੇਗੀ। 1 ਜੁਲਾਈ ਤੋਂ, ਮਹਿੰਗਾਈ ਭੱਤਾ 28% ਹੋ ਗਿਆ ਹੈ, ਇਸ ਲਈ ਐਚਆਰਏ ਨੂੰ ਵੀ ਸੋਧਣਾ ਜ਼ਰੂਰੀ ਹੈ।
ਵਿੱਤ ਮੰਤਰਾਲੇ ਦੇ ਆਦੇਸ਼ ਅਨੁਸਾਰ ਕੇਂਦਰੀ ਕਰਮਚਾਰੀ ਆਪਣੇ ਸ਼ਹਿਰ ਦੇ ਅਧਾਰ ‘ਤੇ ਐਚਆਰਏ ਸ਼ਹਿਰ ਨੂੰ ਤਿੰਨ ਸ਼੍ਰੇਣੀਆਂ, X, Y ਤੇ Z ਵਿਚ ਵੰਡਿਆ ਗਿਆ ਹੈ। ਸੋਧ ਤੋਂ ਬਾਅਦ, ਐਕਸ ਸ਼੍ਰੇਣੀ ਸ਼ਹਿਰਾਂ ਲਈ ਐੱਚਆਰਏ ਮੁੱਢਲੀ ਤਨਖਾਹ ਦਾ 27% ਹੋਵੇਗਾ। ਇਸੇ ਤਰ੍ਹਾਂ Y ਸ਼੍ਰੇਣੀ ਦੇ ਸ਼ਹਿਰਾਂ ਲਈ ਐੱਚਆਰਏ ਮੁੱਢਲੀ ਤਨਖਾਹ ਦਾ 18% ਹੋਵੇਗਾ, ਪਰ Z ਸ਼੍ਰੇਣੀ ਦੇ ਸ਼ਹਿਰਾਂ ਲਈ ਇਹ ਮੁੱਢਲੀ ਤਨਖਾਹ ਦਾ 9% ਹੋਵੇਗਾ।
ਜੇ ਕਿਸੇ ਸ਼ਹਿਰ ਦੀ ਆਬਾਦੀ 5 ਲੱਖ ਨੂੰ ਪਾਰ ਕਰ ਜਾਂਦੀ ਹੈ ਤਾਂ ਇਹ Z ਸ਼੍ਰੇਣੀ ਤੋਂ Y ਸ਼੍ਰੇਣੀ ਵਿਚ ਅਪਗ੍ਰੇਡ ਹੋ ਜਾਂਦੀ ਹੈ। ਭਾਵ 9% ਦੀ ਬਜਾਏ, 18% ਐਚਆਰਏ ਉੱਥੇ ਉਪਲੱਬਧ ਹੋਵੇਗਾ। ਜਿਨ੍ਹਾਂ ਸ਼ਹਿਰਾਂ ਦੀ ਆਬਾਦੀ 50 ਲੱਖ ਤੋਂ ਵੱਧ ਹੈ, ਉਹ X ਸ਼੍ਰੇਣੀ ਵਿਚ ਆਉਂਦੇ ਹਨ। ਤਿੰਨਾਂ ਸ਼੍ਰੇਣੀਆਂ ਲਈ ਘੱਟੋ ਘੱਟ ਮਕਾਨ ਕਿਰਾਇਆ ਭੱਤਾ 5400, 3600 ਤੇ 1800 ਰੁਪਏ ਹੋਵੇਗਾ।