ਪਟਿਆਲਾ, 15 ਨਵੰਬਰ 2025 : ਪੰਜਾਬੀ ਯੂਨੀਵਰਸਿਟੀ (Punjabi University) ਦੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ 56ਵੀਂ ਪੰਜਾਬ ਇਤਿਹਾਸ ਕਾਨਫ਼ਰੰਸ (56th Punjab History Conference) ਆਰੰਭ ਹੋ ਗਈ ਹੈ । ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਦਿਹਾੜੇ ਨੂੰ ਸਮਰਪਿਤ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ । ਉਦਘਾਟਨੀ ਸੈਸ਼ਨ ਦੌਰਾਨ ‘ਜਨਰਲ ਪਰੈਜ਼ੀਡੈਂਟ’ ਵਜੋਂ ਮੁੱਖ ਭਾਸ਼ਣ ਯੂ. ਐੱਸ. ਏ. ਦੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਸੈਂਟਾ ਬਾਰਬਰਾ ਦੇ ਸਾਬਕਾ ਪ੍ਰੋਫ਼ੈਸਰ ਡਾ. ਗੁਰਿੰਦਰ ਸਿੰਘ ਮਾਨ ਵੱਲੋਂ ਦਿਤਾ ਗਿਆ ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਦੁਨੀਆਂ ਨੂੰ ਧਾਰਮਿਕ ਸੁਤੰਤਰਤਾ ਅਤੇ ਧਰਮ ਨਿਰਪੱਖਤਾ ਦਾ ਵੱਡਾ ਸੰਦੇਸ਼ ਦਿੱਤਾ : ਡਾ. ਬਲਜੀਤ ਕੌਰ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Cabinet Minister Dr. Baljit Kaur) ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਦੁਨੀਆਂ ਨੂੰ ਧਾਰਮਿਕ ਸੁਤੰਤਰਤਾ ਅਤੇ ਧਰਮ ਨਿਰਪੱਖਤਾ ਦਾ ਵੱਡਾ ਸੰਦੇਸ਼ ਦਿੱਤਾ ਹੈ । ਉਨ੍ਹਾ ਕਿਹਾ ਕਿ ਦੂਜੇ ਧਰਮ ਦੇ ਲੋਕਾਂ ਲਈ ਦਿੱਤੀ ਗਈ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਦਸਦੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੀ ਅਹਿਮੀਅਤ ਨੂੰ ਸਮਝ ਕੇ ਹੀ ਸੋਹਣਾ ਗੁਲਦਸਤਾ ਬਣਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਸ ਸੁਨੇਹੇ ਤੋਂ ਪ੍ਰੇਰਿਤ ਹੁੰਦਿਆਂ ਇਸ ਪੱਖੋਂ ਸਪਸ਼ਟ ਹੋਣ ਦੀ ਲੋੜ ਹੈ ਕਿ ਕੋਈ ਵੀ ਤਾਕਤ ਸਾਨੂੰ ਸਿਰਫ਼ ਇੱਕ ਰੰਗ ਵਿੱਚ ਰੰਗੇ ਹੋਣ ਲਈ ਮਜ਼ਬੂਰ ਨਹੀਂ ਕਰ ਸਕਦੀ ।
ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਗੁਰੂ ਸਾਹਿਬ ਦੇ ਸੁਨੇਹੇ ਨੂੰ ਦੁਨੀਆਂ ਭਰ ਵਿੱਚ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬੀ ਯੂਨੀਵਰਸਿਟੀ : ਡਾ. ਜਗਦੀਪ ਸਿੰਘ
ਉਪ-ਕੁਲਪਤੀ ਡਾ. ਜਗਦੀਪ ਸਿੰਘ (Vice-Chancellor Dr. Jagdeep Singh) ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਵਰਗੀ ਮਿਸਾਲ ਦੁਨੀਆਂ ਵਿੱਚ ਕਿਤੇ ਹੋਰ ਨਹੀਂ ਮਿਲਦੀ । ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿੱਚ ਇਹ 12ਵਾਂ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਕੋਸ਼ਿਸ਼ ਹੈ ਕਿ ਵੱਖ-ਵੱਖ ਵੰਨਗੀ ਦੇ ਪ੍ਰੋਗਰਾਮਾਂ ਜ਼ਰੀਏ ਉਨ੍ਹਾਂ ਦੇ ਮਹਾਨ ਸੰਦੇਸ਼ ਨੂੰ ਦੁਨੀਆਂ ਭਰ ਤੱਕ ਪਹੁੰਚਾ ਸਕੀਏ। ਡਾ. ਗੁਰਿੰਦਰ ਸਿੰਘ ਮਾਨ ਵੱਲੋਂ ਆਪਣੇ ਭਾਸ਼ਣ ਰਾਹੀਂ ਗੁਰਮਤਿ ਫ਼ਲਸਫ਼ੇ ਦੀਆਂ ਵੱਖ-ਵੱਖ ਪਰਤਾਂ ਬਾਰੇ ਇਤਿਹਾਸਿਕ ਹਵਾਲਿਆਂ ਨਾਲ਼ ਗੱਲ ਕਰਦਿਆਂ ਇਸ ਦੀ ਆਧੁਨਿਕ ਸਮੇਂ ਤਾਜ਼ਾ ਸਥਿਤੀ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ।
ਡੀਨ ਖੋਜ ਡਾ. ਰਿਤੂ ਲਹਿਲ ਵੱਲੋਂ ਦਿੱਤਾ ਉਦਘਾਟਨੀ ਸੈਸ਼ਨ ਦਾ ਸਵਾਗਤੀ ਭਾਸ਼ਣ
ਵਿਭਾਗ ਮੁਖੀ ਡਾ. ਸੰਦੀਪ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਾਨਫ਼ਰੰਸ ਦੇ ਮੁੱਖ ਵਿਸ਼ੇ ਬਾਰੇ ਗੱਲ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (Sri Guru Tegh Bahadur Sahib) ਨਾਲ਼ ਸਬੰਧਤ ਇਤਿਹਾਸਕ ਸਰੋਤਾਂ ਤੋਂ ਮਿਲਦੀ ਜਾਣਕਾਰੀ ਬਾਰੇ ਗੱਲ ਕੀਤੀ । ਡੀਨ ਖੋਜ ਡਾ. ਰਿਤੂ ਲਹਿਲ ਵੱਲੋਂ ਉਦਘਾਟਨੀ ਸੈਸ਼ਨ ਦਾ ਸਵਾਗਤੀ ਭਾਸ਼ਣ ਦਿੱਤਾ ਗਿਆ । ਡਾ. ਦਲਜੀਤ ਸਿੰਘ ਨੇ ਆਪਣੇ ਸੰਚਾਲਨ ਦੌਰਾਨ ਇਸ ਵਿਸ਼ੇ ਉੱਤੇ ਅਹਿਮ ਟਿੱਪਣੀਆਂ ਕੀਤੀਆਂ । ਉਦਘਾਟਨੀ ਸੈਸ਼ਨ ਦੌਰਾਨ ਕਾਨਫ਼ਰੰਸ ਦੇ ਵੱਖ-ਵੱਖ ਸੈਸ਼ਨਾਂ ਦੇ ਪ੍ਰੈਜ਼ੀਡੈਂਟਸ, ਜਿਨ੍ਹਾਂ ਵਿੱਚ ਡਾ. ਅਰੁਣ ਕੁਮਾਰ, ਡਾ. ਜਸਪਾਲ ਕਾਂਗ, ਡਾ. ਅਮਨਦੀਪ ਬਲ, ਡਾ. ਜਸਵਿੰਦਰ ਕੌਰ ਢਿੱਲੋਂ, ਡਾ. ਜਸਪਾਲ ਕੌਰ ਧੰਜੂ ਸ਼ਾਮਿਲ ਸਨ, ਨੂੰ ਸਨਮਾਨਿਤ ਕੀਤਾ ਗਿਆ । ਉਦਘਾਟਨੀ ਸੈਸ਼ਨ ਉਪੰਰਤ ਅਗਲੇ ਸੈਸ਼ਨ ਵਿੱਚ ਡਾ. ਜਸਪਾਲ ਕੌਰ ਧੰਜੂ ਵੱਲੋਂ ‘ਪ੍ਰੋ. ਸੀਤਾ ਰਾਮ ਯਾਦਗਾਰੀ ਭਾਸ਼ਣ’ ਦਿੱਤਾ ਗਿਆ ।
Read More : ਪੰਜਾਬੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸੰਸਕ੍ਰਿਤ ਗੋਸ਼ਟੀ ਸ਼ੁਰੂ









