ਪੰਜਾਬ ਵਿੱਚ 500 ਪਿੰਡ ਹੜ੍ਹ ਦੀ ਮਾਰ ਹੇਠ : ਰਾਜ ਸਭਾ ਮੈਂਬਰ ਸੰਤ ਸੀਚੇਵਾਲ

0
22
Sant Balbeer Sichewal
ਨਵੀਂ ਦਿੱਲੀ/ਚੰਡੀਗੜ੍ਹ, 29 ਅਗਸਤ 2025 : ਹੜ੍ਹ ਨਾਲ ਪੰਜਾਬ ਦੀ ਵੱਡੇ ਪੱਧਰ ਤੇ ਹੋਈ ਤਬਾਹੀ ਨੂੰ ਦੇਖਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Rajya Sabha Member Sant Balbir Singh Seechewal) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਨੂੰ ਕੌਮੀ ਆਫਤ ਐਲਾਨਿਆ ਜਾਵੇ। ਉਹਨਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਬੱਦਲ ਫੱਟਣ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ । ਉਹਨਾਂ ਆਪਣੇ ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਪਏ ਮੀਂਹ ਨੇ ਵੀ ਸਥਿਤੀ ਨੂੰ ਗੰਭੀਰ ਕੀਤਾ ਹੈ ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਕੇ ਹੜ੍ਹਾਂ ਨੂੰ ਕੌਮੀ ਆਫ਼ਤ ਐਲਾਨਣ ਦੀ ਕੀਤੀ ਮੰਗ
ਉਹਨਾਂ ਆਪਣੇ ਪੱਤਰ ਰਾਹੀ ਮੀਡੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆ ਦੱਸਿਆ ਕਿ ਪੰਜਾਬ ਦੇ 500 ਦੇ ਕਰੀਬ ਪਿੰਡ (About 500 villages in Punjab) , 300 ਸਰਕਾਰੀ ਸਕੂਲ ਅਤੇ 3 ਲੱਖ ਕਿਸਾਨਾਂ ਦੀ ਫਸਲ ਹ੍ਹੜਾਂ ਦੀ ਮਾਰ ਹੇਠ ਆਈ ਹੋਈ ਹੈ । 26 ਅਗਸਤ ਦੀ ਰਾਤ ਨੂੰ ਰਾਵੀ ਦਰਿਆ ਵਿੱਚ 14.11 ਲੱਖ ਕਿਊਸਿਕ ਦਾ ਵਹਾਅ ਸੀ, ਜਦਕਿ 1988 ਵਿੱਚ ਰਾਵੀ ਵਿੱਚ ਇਹ 11.20 ਲੱਖ ਕਿਊਸਿਕ ਪਾਣੀ ਸੀ । ਸੰਤ ਸੀਚੇਵਾਲ ਨੇ ਕਿਹਾ ਕਿ ਬਿਆਸ ਦਰਿਆ ਵਿੱਚ ਵੀ ਇਸ ਵਾਰ 2.5 ਤੋਂ 3 ਲੱਖ ਕਿਊਸਿਕ ਤੱਕ ਪਾਣੀ ਵੱਗ ਚੁੱਕਾ ਹੈ। ਉਹਨਾਂ ਪੱਤਰ ਰਾਹੀ ਦੱਸਿਆ ਕਿ ਮੌਜੂਦਾ ਪਾਣੀ ਦੇ ਵਹਾਅ ਨੇ ਪੰਜਾਬ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ।

ਕੇਂਦਰ ਸਰਕਾਰ ਕੋਲ ਪੰਜਾਬ ਦਾ ਮਜ਼ਬੂਤੀ ਨਾਲ ਪੱਖ ਰੱਖਣ ਲਈ ਮੁੱਖ ਮੰਤਰੀ ਨੂੰ ਵੀ ਲਿਖਿਆ ਪੱਤਰ

ਸੰਤ ਸੀਚੇਵਾਲ ਨੇ ਪੱਤਰ ਰਾਹੀ ਦੱਸਿਆ ਕਿ ਬਿਆਸ ਦਰਿਆ (Beas River) ਦੇੇ ਪਾਣੀ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ । ਇਸ ਸਮੇਂ ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬਾ ਤਿੰਨੇ ਖੇਤਰ ਬੁਰੀ ਤਰ੍ਹਾਂ ਨਾਲ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ । ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ-ਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਹੜ੍ਹ ਦੀ ਭਿਆਨਕ ਸਥਿਤੀ ਨਾਲ ਜੂਝ ਰਹੇ ਹਨ । ਉਹਨਾਂ ਪੱਤਰ ਰਾਹੀ ਕਿਹਾ ਕਿ ਦੇਸ਼ ਤੇ ਖਾਸ ਕਰ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾਂ ਹੀ ਅਨਾਜ ਦੇ ਪੱਖ ਤੋਂ ਦੇਸ਼ ਦੇ ਅੰਨ੍ਹ ਭੰਡਾਰ ਭਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ । ਪੰਜਾਬ ਦੇ ਕਿਸਾਨ ਅਤੇ ਜਵਾਨ ਹਮੇਸ਼ਾਂ ਹੀ ਦੇਸ਼ ਹਿੱਤ ਲਈ ਲੜਦੇ ਅਤੇ ਖੜਦੇ ਆ ਰਹੇ ਹਨ ।

ਹੜ੍ਹਾਂ ਦੀ ਸਥਿਤੀ ਬਾਰੇ ਪੰਜਾਬ ਸਰਕਾਰ ਵੱਲੋਂ ਵੀ ਪੱਤਰ ਲਿਖ ਕੇ ਭਾਰਤ ਸਰਕਾਰ ਨੂੰ ਤੱਥਾਂ ਸਮੇਤ ਆਪਣਾ ਪੱਖ ਰੱਖਿਆ ਜਾਵੇ

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਇਸ ਪੱਤਰ ਦਾ ਇੱਕ ਉਤਾਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann)  ਨੂੰ ਲਿਖਦਿਆ ਮੰਗ ਕੀਤੀ ਹੈ ਕਿ ਉਹ ਮਜ਼ਬੂਤੀ ਨਾਲ ਕੇਂਦਰ ਕੋਲ ਪੰਜਾਬ ਦਾ ਪੱਖ ਰੱਖਣ ਹੈ । ਉਹਨਾਂ ਪੱਤਰ ਰਾਹੀ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਹੜ੍ਹਾਂ ਦੀ ਸਥਿਤੀ ਬਾਰੇ ਪੰਜਾਬ ਸਰਕਾਰ ਵੱਲੋਂ ਵੀ ਪੱਤਰ ਲਿਖ ਕੇ ਭਾਰਤ ਸਰਕਾਰ ਨੂੰ ਤੱਥਾਂ ਸਮੇਤ ਆਪਣਾ ਪੱਖ ਰੱਖਿਆ ਜਾਵੇ, ਕਿ ਕਿਵੇਂ ਹਿਮਾਚਲ ਪ੍ਰਦੇਸ਼ ਸਮੇਤ ਹੋਰ ਪਹਾੜੀ ਇਲਾਕਿਆਂ ਵਿੱਚ ਪੈ ਰਹੇ ਮੋਹਲੇਧਾਰ ਮੀਹਾਂ ਦਾ ਪਾਣੀ ਪੰਜਾਬ ਦੇ ਦਰਿਆਵਾਂ ਵਿੱਚ ਆ ਕੇ ਭਾਰੀ ਤਬਾਹੀ ਮਚਾ ਰਿਹਾ ਹੈ, ਜਿਸ ਨਾਲ ਇਸ ਗੰਭੀਰ ਸਥਿਤੀ ਨਾਲ ਜੂਝ ਰਹੇ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਪੀੜਤ ਲੋਕਾਂ ਨੂੰ ਸਹੀ ਤੇ ਉਚਿਤ ਮੁਆਵਜ਼ਾ ਮਿਲ ਸਕੇ ਤੇ ਇਸ ਮੁਆਵਜ਼ੇ ਨੂੰ ਵਧੀ ਹੋਈ ਮਹਿੰਗਾਈ ਦੇ ਸੂਚਕ ਅੰਕ ਨਾਲ ਜੋੜ ਕੇ ਇਸ ਵਿੱਚ ਵਾਧਾ ਕੀਤਾ ਜਾਵੇ ।
ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਆਪਣੀ ਇਸ ਮੰਗ ਨੂੰ ਦੁਹਰਾਇਆ ਕਿ ਮੁਆਵਜ਼ਾ ਕਾਸ਼ਤਕਾਰਾਂ ਨੂੰ ਮਿਲਣਾ ਚਾਹੀਦਾ ਹੈ ।
Read More : : ਸੰਸਦ ਦਾ ਸਰਦ ਰੁੱਤ ਇਜਲਾਸ ਹੰਗਾਮੇ ਦੀ ਭੇਟ ਚੜ੍ਹਿਆ: ਸੰਤ ਸੀਚੇਵਾਲ

LEAVE A REPLY

Please enter your comment!
Please enter your name here