ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੀ ਚੰਨੀ ਸਰਕਾਰ ਦੇ 49 ਦਿਨ ਪੂਰੇ ਹੋਣ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 49 ਦਿਨਾਂ ਦੀ ਕਾਰਗੁਜ਼ਾਰੀ ਜ਼ੀਰੋ ਸਾਬਤ ਹੋਈ ਹੈ। ਜਦਕਿ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਪਹਿਲੀ ਸਰਕਾਰ ਨੇ 49 ਦਿਨਾਂ ਵਿੱਚ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਸਨ, ਜਿਨ੍ਹਾਂ ਦੀ ਬਦੌਲਤ ਦਿੱਲੀ ਦੀ ਜਨਤਾ ਨੇ 2015 ਅਤੇ 2020 ‘ਚ ਰਿਕਾਰਡ ਬਹੁਮਤ ਬਖ਼ਸ਼ ਕੇ ਅਰਵਿੰਦ ਕੇਜਰੀਵਾਲ ਨੂੰ ਪੱਕੇ ਤੌਰ ‘ਤੇ ਅਪਣਾ ਚੁੱਕੀ ਹੈ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ, ”ਅੱਜ ਚੰਨੀ ਸਰਕਾਰ ਨੂੰ 49 ਦਿਨ ਪੂਰੇ ਹੋ ਚੁੱਕੇ ਹਨ, ਪ੍ਰੰਤੂ ਇਨ੍ਹਾਂ 49 ਦਿਨਾਂ ਵਿੱਚ ਚੰਨੀ ਸਰਕਾਰ ਕਿਸੇ ਵੀ ਭਖਵੇਂ ਮੁੱਦੇ ਦਾ ਹੱਲ ਨਹੀਂ ਕਰ ਸਕੀ। ਜਿਨ੍ਹਾਂ ਦੇ ਹੱਲ ਲਈ ਪੰਜਾਬ ਦੀ ਜਨਤਾ ਪਿਛਲੇ ਪੌਣੇ ਪੰਜ ਸਾਲਾਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।”
ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਸਵਾਲਾਂ ਦੀ ਬਾਛੜ ਕਰਦੇ ਹੋਏ ਪੁੱਛਿਆ, ”ਦੱਸੋ ਰੇਤ ਮਾਫ਼ੀਆ ਦੇ ਕਿੰਨੇ ਸਰਗਨਿਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ, ਟਰਾਂਸਪੋਰਟ ਮਾਫ਼ੀਆ ਨਾਲ ਮਿਲੇ ਹੋਏ ਕਿੰਨੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ, ਕੇਬਲ ਮਾਫ਼ੀਆ ਦੇ ਕਿਹੜੇ ਸਰਗਨੇ ਨੂੰ ਹੱਥ ਪਾਇਆ? ਕੀ ਬੇਅਦਬੀ ਅਤੇ ਬਹਿਬਲ ਕਲਾਂ ਦੇ ਕਿਸੇ ਇੱਕ ਵੀ ਦੋਸ਼ੀ ਨੂੰ ਫੜਿਆ? ਡਰੱਗ ਮਾਫ਼ੀਆ ਦਾ ਕਿਹੜਾ ਵੱਡਾ ਮਗਰਮੱਛ ਚੁੱਕਿਆ?”
‘ਆਪ’ ਆਗੂ ਨੇ ਕਿਹਾ ਕਿ ਸਿਵਾਏ ਡਰਾਮੇਬਾਜ਼ੀ ਅਤੇ ਆਪਸੀ ਖਿੱਚਧੂਹ ਦੇ ਚੰਨੀ ਸਰਕਾਰ ਸਹੀ ਅਰਥਾਂ ਵਿੱਚ ਇੱਕ ਵੀ ਅਜਿਹਾ ਕੰਮ ਨਹੀਂ ਕਰ ਸਕੀ, ਜਿਹੜਾ ਕਾਂਗਰਸ ਦੇ 2017 ਦੇ ਚੋਣ ਮੈਨੀਫੈਸਟੋ ਵਿੱਚ ਦਰਜ ਸੀ। ਜਿਨ੍ਹਾਂ ‘ਚ ਘਰ- ਘਰ ਨੌਕਰੀ, ਕਿਸਾਨ- ਖੇਤ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ, ਪ੍ਰਤੀ ਮਹੀਨਾ 2500 ਰੁਪਏ ਬੁਢਾਪਾ ਪੈਨਸ਼ਨ, ਪ੍ਰਤੀ ਮਹੀਨਾ 2500 ਰੁਪਏ ਬੇਰੁਜ਼ਗਾਰੀ ਭੱਤਾ, ਪੰਜ- ਪੰਜ ਮਰਲਿਆਂ ਦੇ ਪਲਾਟ ਆਦਿ ਵਾਅਦੇ ਸ਼ਾਮਲ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਚਾਰ ਹਫ਼ਤਿਆਂ ਵਿੱਚ ਨਸ਼ਾ ਬੰਦ ਕਰਨ ਅਤੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਦਾ ਵਾਅਦਾ ਜਦੋਂ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਸਨ, ਉਦੋਂ ਮੰਚ ‘ਤੇ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਓ.ਪੀ. ਸੋਨੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਦਿ ਵੀ ਮੌਜੂਦ ਸਨ, ਪ੍ਰੰਤੂ ਚੰਨੀ ਸਰਕਾਰ ਨੇ 49 ਦਿਨਾਂ ‘ਚ ਇੱਕ ਵੀ ਚਰਚਿਤ ਡਰੱਗ ਮਾਫ਼ੀਆ ਨੂੰ ਹੱਥ ਨਹੀਂ ਪਾਇਆ।
ਉਨ੍ਹਾਂ ਨੇ ਦੋਸ਼ ਲਾਇਆ ਕਿ ਸੀਲਬੰਦ ਲਿਫ਼ਾਫ਼ੇ ਦਾ ਬਹਾਨਾ ਬਣਾ ਕੇ ਸਰਕਾਰ ਡਰੱਗ ਤਸਕਰੀ ਦੇ ਬਦਨਾਮ ਮਗਰਮੱਛਾਂ ਨੂੰ ਚੁੱਕ ਨਹੀਂ ਰਹੀ, ਜਦੋਂਕਿ ਮਾਨਯੋਗ ਹਾਈਕੋਰਟ ਨੇ ਕੋਈ ਅਜਿਹਾ ਨਿਰਦੇਸ਼ ਨਹੀਂ ਦਿੱਤਾ ਕਿ ਬਹੁ-ਕਰੋੜੀ ਡਰੱਗ ਤਸਕਰੀ ਕੇਸਾਂ ਵਿੱਚ ਸ਼ਾਮਲ ਸਰਗਨਿਆਂ ਦੀ ਅਗਲੇਰੀ ਜਾਂਚ, ਪੁੱਛ ਪੜਤਾਲ ਜਾਂ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਜੇਕਰ ਚੰਨੀ ਸਰਕਾਰ ਵਿੱਚ ਦਮ ਅਤੇ ਨੀਅਤ ਹੁੰਦੀ ਤਾਂ 49 ਦਿਨਾਂ ਵਿੱਚ ਸਾਰੇ ਡਰੱਗ ਮਾਫ਼ੀਆ ਦਾ ਲੱਕ ਤੋੜ ਸਕਦੀ ਸੀ।
ਨਵਜੋਤ ਸਿੰਘ ਸਿੱਧੂ ਵੱਲੋਂ ਡਰੱਗ ਤਸਕਰੀ ਅਤੇ ਬੇਅਦਬੀ ਦੇ ਮਾਮਲਿਆਂ ‘ਤੇ ਚੰਨੀ ਸਰਕਾਰ ਨੂੰ ਘੇਰੇ ਜਾਣ ਬਾਰੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਹੀ ਕਹਿ ਰਹੇ ਹਨ, ਜੋ ਆਮ ਆਦਮੀ ਪਾਰਟੀ ਸ਼ੁਰੂ ਤੋਂ ਕਹਿੰਦੀ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡੀ.ਜੀ.ਪੀ. ਅਤੇ ਏ.ਜੀ. ਦੀ ਨਿਯੁਕਤੀ ਦਾ ‘ਆਪ’ ਪਹਿਲੇ ਦਿਨ ਤੋਂ ਵਿਰੋਧ ਕਰ ਰਹੀ ਹੈ, ਕਿਉਂਕਿ ਇਨ੍ਹਾਂ ਦਾ ਪਿਛੋਕੜ ਦਾਗ਼ੀ ਰਿਹਾ ਹੈ ਅਤੇ ਇਨ੍ਹਾਂ ਕੋਲੋਂ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਚੀਮਾ ਨੇ ਕਿਹਾ ਕਿ ਲਾਵਾਰਸਾਂ ਵਾਂਗ ਚੱਲ ਰਹੀ ਚੰਨੀ ਸਰਕਾਰ ਅਜੇ ਤੱਕ ਇਹ ਤੈਅ ਨਹੀਂ ਕਰ ਸਕੀ ਕਿ ਵਿਵਾਦਾਂ ‘ਚ ਘਿਰੇ ਏ.ਜੀ. ਏਪੀਐਸ ਦਿਉਲ ਅਤੇ ਡੀ.ਜੀ.ਪੀ ਆਈਪੀਐਸ ਸਹੋਤਾ ਬਾਰੇ ਕੀ ਫ਼ੈਸਲਾ ਲੈਣਾ ਹੈ?
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 49 ਦਿਨਾਂ ਦੀ ਸਰਕਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਢਾਈ ਦਰਜਨ ਭ੍ਰਿਸ਼ਟ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਭ੍ਰਿਸ਼ਟਾਚਾਰ ਸਿਰਫ਼ ਘਟਾਇਆ ਨਹੀਂ, ਸਗੋਂ ਜੜ੍ਹੋਂ ਪੁੱਟ ਦਿੱਤਾ ਸੀ। ਇਸੇ ਤਰਾਂ 49 ਦਿਨਾਂ ‘ਚ ਸਿੱਖਿਆ, ਸਿਹਤ, ਬਿਜਲੀ ਆਦਿ ਬਾਰੇ ਅਜਿਹੇ ਲੋਕ ਹਿਤੈਸ਼ੀ ਮਾਡਲ ਨੂੰ ਦਿੱਲੀ ਦੀ ਜਨਤਾ ਸਾਹਮਣੇ ਰੱਖਿਆ, ਜਿਸ ਕਾਰਨ ਦਿੱਲੀ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਨੂੰ ਪੱਕੇ ਤੌਰ ‘ਤੇ ਚੁਣ ਲਿਆ। ਜਦੋਂ ਕਿ ਚੰਨੀ ਸਰਕਾਰ ਦੇ 49 ਦਿਨ ਬੇਹੱਦ ਨਿਰਾਸ਼ਾਜਨਕ ਸਾਬਤ ਹੋਏ ਹਨ।