38ਵੀਆਂ ਰਾਸ਼ਟਰੀ ਖੇਡਾਂ ‘ਚ ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ, CM ਮਾਨ ਨੇ ਦਿੱਤੀ ਵਧਾਈ
ਨਵੀ ਦਿੱਲੀ, 3 ਫਰਵਰੀ ਉੱਤਰਾਖੰਡ ਦੇ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਤ੍ਰਿਸ਼ੂਲ ਹਾਲ ਵਿਖੇ ਹੋਈਆਂ 38ਵੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ 50 ਮੀਟਰ 3 ਪੁਜ਼ੀਸ਼ਨ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ।ਪੰਜਾਬ ਦੀ ਅੰਜੁਮ ਮੌਦਗਿਲ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਤੇਲੰਗਾਨਾ ਦੀ ਸੁਰਭੀ ਭਾਰਦਵਾਜ ਰਾਪੋਲ ਨੇ ਕਾਂਸੀ ਦਾ ਤਗਮਾ ਜਿੱਤਿਆ।
ਦੇਸ਼ ਸਮੇਤ ਪੰਜਾਬ ਦਾ ਹੋ ਮਾਣ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਖਿਡਾਰਨਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ “ਪੰਜਾਬ ਦੀਆਂ ਦੋ ਖਿਡਾਰਨਾਂ ਸਿਫ਼ਤ ਕੌਰ ਸਮਰਾ ਅਤੇ ਅੰਜੁਮ ਮੌਦਗਿਲ ਨੇ 38ਵੀਆਂ ਰਾਸ਼ਟਰੀ ਖੇਡਾਂ ਦੌਰਾਨ 50 ਮੀਟਰ ਸ਼ੂਟਿੰਗ ਈਵੈਂਟ ‘ਚ ਸੋਨ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਦੋਵਾਂ ਨੂੰ ਇਸ ਉਪਲਬਧੀ ਲਈ ਬਹੁਤ-ਬਹੁਤ ਵਧਾਈਆਂ। ਤੁਸੀਂ ਦੇਸ਼ ਸਮੇਤ ਪੰਜਾਬ ਦਾ ਮਾਣ ਹੋ। ਮਾਪਿਆਂ ਤੇ ਕੋਚ ਸਹਿਬਾਨ ਨੂੰ ਵੀ ਮੁਬਾਰਕਾਂ।”
ਜਿੱਤ ‘ਤੇ ਕੀਤੀ ਖੁਸ਼ੀ ਜ਼ਾਹਰ
ਸਿਫਤ ਕੌਰ ਸਮਰਾ ਨੇ ਆਪਣੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, “ਇਹ ਮੇਰੇ ਲਈ ਓਲੰਪਿਕ ਤੋਂ ਬਾਅਦ ਇਕ ਤਰ੍ਹਾਂ ਦੀ ਵਾਪਸੀ ਹੈ। ਮੈਂ ਕੋਈ ਬ੍ਰੇਕ ਨਹੀਂ ਲਿਆ ਅਤੇ ਲਗਾਤਾਰ ਅਭਿਆਸ ਕੀਤਾ। ਮੈਂ ਖੁਸ਼ ਹਾਂ ਕਿ ਮੇਰੀ ਮਿਹਨਤ ਰੰਗ ਲਿਆਈ ਅਤੇ ਮੈਂ ਸੋਨ ਤਮਗਾ ਜਿੱਤ ਸਕੀ। ਇਸ ਤਰਾਂ ਹੋਰ ਵੀ ਵਧੀਆ ਮਹਿਸੂਸ ਹੁੰਦਾ ਹੈ ਕਿ ਮੇਰੇ ਸੂਬੇ ਦੀ ਹੀ ਅੰਜੁਮ ਨੇ ਚਾਂਦੀ ਦਾ ਤਗਮਾ ਜਿੱਤਿਆ।”