ਘਨੌਰ/ਪਟਿਆਲਾ, 4 ਜੁਲਾਈ 2025 : ਸ਼ੰਭੂ ਟੋਲ ਪਲਾਜਾ ਬਚਾਉਣ ਲਈ ਘਨੌਰ ਤੇ ਸਨੌਰ ਖੇਤਰ ਦੀਆਂ ਸੜਕਾਂ ‘ਤੇ ਚੱਲਦੇ ਭਾਰੀ ਵਾਹਨਾਂ ‘ਤੇ ਕਾਰਵਾਈ ਕਰਦਿਆਂ ਰੀਜ਼ਨਲ ਟਰਾਂਸਪੋਰਟ ਅਫ਼ਸਰ (Regional Transport Officer) ਪਟਿਆਲਾ ਬਬਨਦੀਪ ਸਿੰਘ ਵਾਲੀਆ ਦੀ ਇਨਫੋਰਸਮੈਂਟ ਟੀਮ ਨੇ ਦੋ ਦਿਨਾਂ ‘ਚ ਟ੍ਰੈਫਿਕ ਉਲੰਘਣਾ ਦੇ 31 ਚਲਾਨ ਕੱਟ ਕੇ 7 ਲੱਖ 29 ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਹਨ ।
ਭਾਰੀ ਵਾਹਨਾਂ ਕਰਕੇ ਵਾਪਰਦੇ ਹਨ ਵੱਡੇ ਹਾਦਸੇ
ਆਰ. ਟੀ. ਓ. ਨੇ ਦੱਸਿਆ ਕਿ ਘਨੌਰ-ਅੰਬਾਲਾ ਸਿਟੀ ਵਾਇਆ ਕਪੂਰੀ-ਲੋਹ ਸਿੰਬਲੀ ਸੜਕ ‘ਤੇ ਭਾਰੀ ਵਹੀਕਲਾਂ ਦੀ ਵਪਾਰਕ ਆਵਾਜਾਈ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਭਾਰੀ ਵਾਹਨ ਜਿੱਥੇ ਛੋਟੀਆਂ ਸੜਕਾਂ ਦਾ ਭਾਰੀ ਨੁਕਸਾਨ ਕਰਦੇ ਹਨ, ਉਥੇ ਹੀ ਇਨ੍ਹਾਂ ਕਰਕੇ ਵੱਡੇ ਹਾਦਸੇ ਵੀ ਵਾਪਰਦੇ ਹਨ ।
ਹਰਿਆਣਾ ਵੱਲੋਂ ਆਉਣ ਵਾਲੇ ਭਾਰੀ ਵਾਹਨ ਟੈਕਸ ਬਚਾਉਣ ਲਈ ਚੱਲਦੇ ਹਨ
ਬਬਨਦੀਪ ਸਿੰਘ ਵਾਲੀਆ (Babandeep Singh Walia) ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਪ੍ਰਾਂਤਕ ਮੰਡਲ-2 ਦੇ ਕਾਰਜਕਾਰੀ ਇੰਜੀਨੀਅਰ ਨੇ ਇੱਕ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਸੀ ਕਿ ਘਨੌਰ, ਅੰਬਾਲਾ ਸਿਟੀ ਵਾਇਆ ਕਪੂਰੀ ਲੋਹ ਸਿੰਬਲੀ ਸੜਕ ਉੱਪਰ ਹਰਿਆਣਾ ਰਾਜ ਵੱਲੋਂ ਆਉਣ ਵਾਲੇ ਭਾਰੀ ਵਾਹਨ ਤੇ ਟਿੱਪਰ ਟੈਕਸ ਬਚਾਉਣ ਲਈ ਚੱਲਦੇ ਹਨ, ਇਸ ਨਾਲ ਖੇਤਰ ਦੀਆਂ ਸੜਕਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਨਾਲ ਹੀ ਸਰਕਾਰ ਦੇ ਖ਼ਜ਼ਾਨੇ ਦਾ ਵੀ ਨੁਕਸਾਨ ਹੋ ਰਿਹਾ ਸੀ । ਇਸੇ ਕਾਰਨ ਹਲਕੇ ਵਾਹਨਾਂ ਤੇ ਖੇਤਰ ਦੇ ਵਸਨੀਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।
ਭਾਰੀ ਵਾਹਨਾਂ ਤੇ ਨਜਾਇਜ਼ ਟਿੱਪਰਾਂ ਖ਼ਿਲਾਫ਼ ਕੀਤੀ ਗਈ ਹੈ ਇਨਫੋਰਸਮੈਂਟ ਵਿੰਗ ਵੱਲੋਂ ਕਾਰਵਾਈ
ਆਰ. ਟੀ. ਓ. ਨੇ ਦੱਸਿਆ ਕਿ ਭਾਰੀ ਵਾਹਨਾਂ ਤੇ ਨਜਾਇਜ਼ ਟਿੱਪਰਾਂ ਖ਼ਿਲਾਫ਼ (Against heavy vehicles and illegal tippers) ਉਨ੍ਹਾਂ ਦੇ ਇਨਫੋਰਸਮੈਂਟ ਵਿੰਗ ਵੱਲੋਂ ਕਾਰਵਾਈ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਟੂਰਿਸਟ ਬੱਸ-1, ਮਿੰਨੀ ਬੱਸਾਂ-2, ਸਕੂਲ ਬੱਸਾਂ-3, ਓਵਰ ਲੋਡ ਟਿੱਪਰ ਤੇ ਕੈਂਟਰ-4 ਅਤੇ ਇੱਕ ਬਿਨ੍ਹਾਂ ਸੀਟ ਬੈਲਟ, ਬਿਨ੍ਹਾਂ ਦਸਤਾਵੇਜ-1 ਅਤੇ ਕਮਰਸ਼ੀਅਲ ਵਰਤੋਂ ਦੇ-5 ਅਤੇ ਕੁਲ 17 ਚਲਾਨ ਕੀਤੇ ਗਏ ਹਨ ਅਤੇ 3 ਲੱਖ 32 ਹਜ਼ਾਰ ਦੇ ਜੁਰਮਾਨੇ ਕੀਤੇ ਗਏ। ਜਦੋਂ ਕਿ ਅੱਜ ਓਵਰਲੋਡਿੰਗ ਦੇ 9, ਬਿਨ੍ਹਾਂ ਦਸਤਾਵੇਜ ਸਕੂਲ ਬੱਸ-1, ਗ਼ੈਰਕਾਨੂੰਨੀ ਚੌੜਾਈ-2 ਅਤੇ ਵਾਹਨਾ ਦੀ ਗ਼ੈਰ ਮਨਜੂਰਸੁਦਾ ਕਮਰਸ਼ੀਅਲ ਵਰਤੋਂ ਦੇ 2 ਚਲਾਨ ਤੇ ਕੁਲ 14 ਚਲਾਨ ਕਰਕੇ 3 ਲੱਖ 97 ਹਜਾਰ ਰੁਪਏ ਦੇ ਜ਼ੁਰਮਾਨੇ ਕੀਤੇ ਗਏ ।