ਪੰਜਾਬ ਕਾਂਗਰਸ ਪਾਰਟੀ ਵਿਚਲੇ ਕਲੇਸ਼ ਨੂੰ ਖਤਮ ਕਰਨ ਲਈ ਹਾਈਕਮਾਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਸ ਲਈ ਹੀ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਟਕਰਾਅ ਨੂੰ ਖਤਮ ਕਰਨ ਲਈ ਬਣਾਈ ਗਈ 3 ਮੈਂਬਰੀ ਕਮੇਟੀ ਮੰਗਲਵਾਰ ਨੂੰ ਸਵੇਰੇ 11:30 ਵਜੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰੇਗੀ।
ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਇਹ ਕਮੇਟੀ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ 3 ਮੈਂਬਰੀ ਕਮੇਟੀ ਵਿੱਚ ਪੰਜਾਬ ਇੰਚਾਰਜ ਹਰੀਸ਼ ਰਾਵਤ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਅਤੇ ਸਾਬਕਾ ਸੰਸਦ ਮੈਂਬਰ ਜੇਪੀ ਅਗਰਵਾਲ ਸ਼ਾਮਲ ਸਨ।
ਇਸ 3 ਮੈਂਬਰੀ ਕਮੇਟੀ ਨੇ 25 ਵਿਧਾਇਕਾਂ ਨੂੰ ਫੋਨ ਕਰਕੇ ਬੈਠਕ ਲਈ ਦਿੱਲੀ ਬੁਲਾਇਆ ਹੈ ਤੇ ਕੱਲ੍ਹ ਦਿੱਲੀ ਵਿਖੇ ਇਨ੍ਹਾਂ ਵਿਧਾਇਕਾਂ ਨਾਲ ਬੈਠਕ ਕੀਤੀ ਜਾਵੇਗੀ।ਦੁਆਬਾ ਹਲਕੇ ਤੋਂ 6 ਵਿਧਾਇਕ, ਮਾਝਾ ਤੋਂ 6 ਤੇ 13 ਵਿਧਾਇਕ ਮਾਲਵਾ ਹਲਕੇ ਤੋਂ ਦਿੱਲੀ ਪੁੱਜ ਕੇ ਬੈਠਕ ਦਾ ਹਿੱਸਾ ਬਣਨਗੇ।ਇਸ ਵਿੱਚ ਕੁੱਝ ਨਾਮ ਅਜਿਹੇ ਵੀ ਸ਼ਾਮਿਲ ਹਨ, ਜੋ ਪਿਛਲੇ ਕਾਫੀ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ‘ਤੇ ਲਗਾਤਾਰ ਸਵਾਲ ਖੜ੍ਹੇ ਕਰ ਰਹੇ ਹਨ।ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ ਸਮੇਤ ਕਈ ਵੱਡੇ ਨਾਮ ਇਸ ‘ਚ ਸ਼ਾਮਲ ਹਨ।