ਪੰਜਾਬ ‘ਚ ਅੱਜ ਹੋਣਗੀਆਂ ਰਾਹੁਲ ਗਾਂਧੀ ਦੀਆਂ 3 ਵੱਡੀਆਂ ਚੋਣ ਰੈਲੀਆਂ
ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ ਜਿਸਦੇ ਮੱਦੇਨਜਰ ਕਾਂਗਰਸ ਦੇ ਸਟਾਰ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਆ ਰਹੇ ਹਨ। ਉਹ ਕਾਂਗਰਸੀ ਉਮੀਦਵਾਰਾਂ ਲਈ ਚੋਣ ਰੈਲੀਆਂ ਕਰਨਗੇ। ਰਾਹੁਲ ਗਾਂਧੀ ਅੱਜ ਸਵੇਰੇ 10:30 ਵਜੇ ਦਾਣਾ ਮੰਡੀ ਦਾਖਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ।
ਜਿੱਥੇ ਉਹ ਲੁਧਿਆਣਾ ਵਿੱਚ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰਨਗੇ। ਰੈਲੀ ਦੀਆਂ ਸਾਰੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਸਨ | ਰਾਹੁਲ ਗਾਂਧੀ ਦੇ ਆਉਣ ਨਾਲ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਰੈਲੀ ਨੂੰ ਦੇਖਦੇ ਹੋਏ ਕਾਂਗਰਸੀ ਆਗੂਆਂ ਵੱਲੋਂ 15 ਹਜ਼ਾਰ ਤੋਂ ਵੱਧ ਕੁਰਸੀਆਂ ਲਾਈਆਂ ਗਈਆਂ ਹਨ।
500 ਤੋਂ ਵੱਧ ਪੁਲਿਸ ਮੁਲਾਜ਼ਮ ਕੀਤੇ ਜਾਣਗੇ ਤਾਇਨਾਤ
ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ | ਰੈਲੀ ਵਾਲੀ ਥਾਂ ’ਤੇ ਪ੍ਰਸ਼ਾਸਨ ਵੱਲੋਂ ਸੀਸੀਟੀਵੀ ਵੀ ਲਾਏ ਜਾ ਰਹੇ ਹਨ। ਰੈਲੀ ਵਾਲੀ ਥਾਂ ਨੇੜੇ ਸੁਰੱਖਿਆ ਲਈ 500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਲੁਧਿਆਣਾ ਤੋਂ ਰੈਲੀ ਦੀ ਸਮਾਪਤੀ ਤੋਂ ਬਾਅਦ ਰਾਹੁਲ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕਰਨਗੇ।
ਇਹ ਵੀ ਪੜ੍ਹੋ :ਸਕੂਲਾਂ ‘ਚ ਲਾਏ ਜਾ ਰਹੇ ਸਮਰ ਕੈਂਪਾਂ ਖਿਲਾਫ ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਸਖਤ ਹਦਾਇਤਾਂ
ਇਸੇ ਦੇ ਨਾਲ ਅੱਜ ਰਾਹੁਲ ਗਾਂਧੀ ਸ਼ਹੀਦ ਅਗਨੀਵੀਰ ਦੇ ਪਰਿਵਾਰ ਨੂੰ ਵੀ ਮਿਲਣਗੇ | ਜਿੱਥੇ ਉਹ ਖੰਨਾ ਦੇ ਕਸਬਾ ਮਲੌਦ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਦੁਪਹਿਰ 2 ਵਜੇ ਦੇ ਕਰੀਬ ਆਉਣਗੇ। ਇੱਥੇ ਰਾਹੁਲ ਗਾਂਧੀ ਸ਼ਹੀਦ ਅਜੇ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ।