26 ਨਵੰਬਰ ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਤੋਂ ਜਿੱਤ ਤੱਕ ਦੇ ਸਫਰ ਦੀ ਦਾਸਤਾਨ

0
58

ਕਿਸਾਨਾਂ ਦੇ ਸੰਘਰਸ਼ ਦੀ ਕਹਾਣੀ ਬਹੁਤ ਲੰਬੀ ਹੈ। 5 ਜੂਨ 2020 ਨੂੰ ਮੰਡੀਕਰਨ ਦੇ ਬਦਲਵੇਂ ਪ੍ਰਬੰਧ ਲਈ ਸਰਕਾਰ ਵਲੋਂ ਤਿੰਨ ਖੇਤੀ ਆਰਡੀਨੈਂਸ ਲਿਆਂਦੇ ਗਏ। ਸ਼ੁਰੂ ‘ਚ ਸਭ ਤੋਂ ਪਹਿਲਾਂ ਪੰਜਾਬ ਵਿਚਲੇ ਕਿਸਾਨਾਂ ਨੇ ਅਤੇ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਪਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਵੱਲ ਧਿਆਨ ਨਾ ਦਿੱਤਾ ਗਿਆ। ਜਿਸ ਕਾਰਨ ਕਿਸਾਨਾਂ ਨੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਅਤੇ ਖੇਤੀ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕਰਨ ਲੱਗੇ। 14 ਸਤੰਬਰ ਨੂੰ ਆਰਡੀਨੈਂਸਾਂ ਨੂੰ ਸੰਸਦ ’ਚ ਪੇਸ਼ ਕੀਤਾ ਗਿਆ। 17 ਸਤੰਬਰ ਨੂੰ ਲੋਕ ਸਭਾ ਅਤੇ 20 ਸਤੰਬਰ ਨੂੰ ਰਾਜ ਸਭਾ ’ਚ ਜ਼ੁਬਾਨੀ ਵੋਟ ਰਾਹੀ ਬਿੱਲ ਪਾਸ ਕਰਵਾ ਦਿੱਤੇ ਗਏ।

ਕਿਸਾਨਾਂ ਨੇ ਦਿੱਲੀ ਵੱਲ ਕਦੋਂ ਕੂਚ ਕੀਤਾ
ਕਾਫੀ ਸਮਾਂ ਇਹ ਸੰਘਰਸ਼ ਪੰਜਾਬ ‘ਚ ਚੱਲਿਆ ਤੇ ਫਿਰ ਕਿਸਾਨਾਂ ਨੇ ਦਿੱਲੀ ਵੱਲ ਰੁਖ਼ ਕਰ ਲਿਆ। 26 ਨਵੰਬਰ 2020 ਨੂੰ ਕਿਸਾਨਾਂ ਵਲੋਂ ਦਿੱਲੀ ਕੂਚ ਕੀਤਾ ਗਿਆ। ਇਸ ਦਿਨ ਨੂੰ ਕਿਸਾਨ ਅੰਦੋਲਨ ਦਾ ਸਭ ਤੋਂ ਅਹਿਮ ਦਿਨ ਕਿਹਾ ਜਾਂਦਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਵੱਖ-ਵੱਖ ਸੂਬਿਆਂ ਤੋਂ ਕਿਸਾਨ ਦਿੱਲੀ ਪਹੁੰਚੇ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐੱਮ. ਐੱਸ. ਪੀ. ’ਤੇ ਗਰੰਟੀ ਕਾਨੂੰਨ ਦੀ ਮੰਗ ਕੀਤੀ ਗਈ।

ਇਸ ਦੌਰਾਨ ਸਰਕਾਰ ਅਤੇ ਕਿਸਾਨਾਂ ਵਿਚਾਲੇ 11 ਗੇੜ ਦੀ ਗੱਲਬਾਤ ਹੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਸਰਕਾਰ ਸੋਧਾਂ ਲਈ ਤਿਆਰ ਸੀ ਪਰ ਕਿਸਾਨ ਤਿੰਨੇ ਕਾਨੂੰਨ ਰੱਦ ਕਰਾਉਣਾ ਚਾਹੁੰਦੇ ਸਨ। ਕਿਸਾਨਾਂ ਅਨੁਸਾਰ ਇਹ ਕਾਨੂੰਨ ਉਨ੍ਹਾਂ ਲਈ ਠੀਕ ਨਹੀਂ ਸਨ।

26 ਜਨਵਰੀ ਦੀ ਟਰੈਕਟਰ ਪਰੇਡ

26 ਜਨਵਰੀ 2021 ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ’ਚ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ। ਦਿੱਲੀ ਪੁਲਿਸ ਵੱਲੋਂ ਰੂਟ ਤੈਅ ਕੀਤਾ ਗਿਆ ਸੀ ਕਿ ਕਿਸਾਨ ਇੱਥੋਂ ਹੀ ਟਰੈਕਟਰ ਪਰੇਡ ਕੱਢਣਗੇ। ਵੱਡੀ ਗਿਣਤੀ ਵਿਚ ਕਿਸਾਨ ਲਾਲ ਕਿਲ੍ਹੇ ’ਤੇ ਪਹੁੰਚ ਗਏ ਅਤੇ ਲਾਲ ਕਿਲ੍ਹੇ ‘ਤੇ ਕਿਸਾਨੀ ਝੰਡਾ ਲਹਿਰਾ ਦਿੱਤਾ ਗਿਆ। ਇਸ ਦਿਨ ਹੀ ਦਿੱਲੀ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪਾਂ ਵੀ ਹੋਈਆਂ। ਜਿਸ ਵਿਚ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ। ਇਸ ਘਟਨਾ ਮਗਰੋਂ ਕਿਸਾਨ ਅੰਦੋਲਨ ਨੂੰ ਝਟਕਾ ਲੱਗਿਆ।

ਇਸ ਟਰੈਕਟਰ ਪਰੇਡ ਮਗਰੋਂ ਕਿਸਾਨ ਅੰਦੋਲਨ ਥੋੜ੍ਹਾ ਠੰਡਾ ਪੈ ਗਿਆ। ਬਾਰਡਰਾਂ ਤੋਂ ਕਿਸਾਨਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ। ਇਸ ਮੁਹਿੰਮ ਦੀ ਸ਼ੁਰੂਆਤ ਸਰਕਾਰ ਨੇ 27 ਜਨਵਰੀ ਨੂੰ ਕੀਤੀ। ਕਿਸਾਨਾਂ ਦਾ ਇੱਕ ਛੋਟਾ ਧਰਨਾ ਪੁਲਿਸ ਨੇ ਜ਼ਬਰੀ ਚੁੱਕਵਾ ਦਿੱਤਾ। ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਨੂੰ ਉਠਾਉਣ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਗ੍ਰਿਫ਼ਤਾਰ ਕਰ ਲਈ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਪਹੁੰਚੀ ਪਰ ਜਦੋਂ ਗ੍ਰਿਫਤਾਰੀ ਦੀ ਸਮਾਂ ਆਇਆ ਤਾਂ ਟਿਕੈਤ ਨੇ ਇਲਜ਼ਾਮ ਲਾਇਆ ਕਿ ਪੁਲਿਸ ਦੀ ਆੜ ਹੇਠ ਦੋ ਭਾਜਪਾ ਵਿਧਾਇਕ ਗੁੰਡਿਆਂ ਨਾਲ ਆਏ ਹਨ ਅਤੇ ਕਿਸਾਨਾਂ, ਖਾਸਕਰ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ਼ ’ਚ ਹਨ। ਉਨ੍ਹਾਂ ਨੇ ਕਿਹਾ ਕਿ ਜੋ ਵੀ ਹੋਵੇ ਉਹ ਗ੍ਰਿਫ਼ਤਾਰੀ ਨਹੀਂ ਦੇਣਗੇ ਅਤੇ ਕਿਸਾਨਾਂ ਨੂੰ ਛੱਡ ਕੇ ਨਹੀਂ ਜਾਣਗੇ।

ਲਖੀਮਪੁਰ ਖ਼ੀਰੀ ਦੀ ਘਟਨਾ

ਉੱਤਰ ਪ੍ਰਦੇਸ਼ ਦੇ ਲਖੀਮਪੁਰ ’ਚ 3 ਅਕਤੂਬਰ 2021 ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਣ ਆਏ ਕਿਸਾਨਾਂ ਨੂੰ ਜੀਪ ਹੇਠਾਂ ਕੁਚਲ ਦਿੱਤਾ ਗਿਆ। ਇਸ ਘਟਨਾ ਦੌਰਾਨ 4 ਕਿਸਾਨਾਂ ਅਤੇ ਇੱਕ ਸਥਾਨਕ ਪੱਤਰਕਾਰ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਭੜਕੀ ਹਿੰਸਾ ਵਿਚ 3 ਭਾਜਪਾ ਵਰਕਰ ਵੀ ਮਾਰੇ ਗਏ। ਸਰਕਾਰ ਨੇ ਮ੍ਰਿਤਕ ਕਿਸਾਨਾਂ ਨੂੰ 50-50 ਲੱਖ ਮੁਆਵਜ਼ਾ ਰਾਸ਼ੀ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਤੇ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਅਤੇ ਉਸਦੇ ਕੁੱਝ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸਾਨ ਅਜੇ ਵੀ ਅਜੇ ਮਿਸ਼ਰਾ ਟੇਨੀ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।

ਇਸ ਦੇ ਨਾਲ ਹੀ ਕਿਸਾਨ ਅੰਦੋਲਨ ’ਚ ਕਿਸਾਨ ਬੀਬੀਆਂ ਦਾ ਵੱਡਮੁਲਾ ਯੋਗਦਾਨ ਰਿਹਾ ਹੈ। ਇਸ ਲੰਬੇ ਸੰਘਰਸ਼ ਜਿਸ ਵਿਚ ਕਿਸਾਨਾਂ ਸਰਦੀ ਦੀਆਂ ਰਾਤਾਂ ‘ਚ ਮੁਸ਼ਕਲ ਹਾਲਾਤਾਂ ਨਾਲ ਲੜਦੇ ਰਹੇ ਪਰ ਫਿਰ ਵੀ ਉਹ ਡੋਲੇ ਨਹੀਂ। ਆਪਣੇ ਹੌਂਸਲੇ ਨੂੰ ਬਰਕਰਾਰ ਰੱਖਦਿਆਂ ਸ਼ਾਂਤੀਮਈ ਸੰਘਰਸ਼ ਕਾਇਮ ਰੱਖਿਆ। ਇਸ ਅੰਦੋਲਨ ਨੂੰ ਇੱਕ ਸਾਲ ਬੀਤ ਗਿਆ। ਹੁਣ ਜਾ ਕੇ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਜੋ ਕਿ ਕਿਸਾਨਾਂ ਦੀ ਵੱਡੀ ਜਿੱਤ ਅਤੇ ਲੰਬੇ ਸੰਘਰਸ਼ ਦੀ ਮਿਹਨਤ ਦਾ ਹੀ ਨਤੀਜਾ ਹੈ। ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਦੀ ਮੰਗ ਪੂਰੀ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਐਲਾਨ ਮਗਰੋਂ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ।

ਅੱਜ ਫਿਰ ਕਿਸਾਨ 26 ਨਵੰਬਰ ਵਾਲੇ ਦਿਨ ਦਿੱਲੀ ਬਾਰਡਰਾਂ ’ਤੇ ਇਕੱਠੇ ਹੋਏ ਹਨ। ਉਹ ਆਪਣੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਤੋਂ ਇਲਾਵਾ 29 ਨਵੰਬਰ ਦਾ ਦਿੱਲੀ ਕੂਚ ਅਜੇ ਬਾਕੀ ਹੈ।

LEAVE A REPLY

Please enter your comment!
Please enter your name here