ਰੂਸੀ ਫੌਜੀ ਹਮਲੇ ਕਾਰਨ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਏਅਰ ਇੰਡੀਆ ਦਾ ਜਹਾਜ਼ ਰਵਾਨਾ ਹੋ ਗਿਆ ਹੈ। ਇਸ ਜਹਾਜ਼ ਦੀ ਅੱਜ ਸ਼ਾਮ 6.30 ਵਜੇ ਭਾਰਤ ਪੁੱਜਣ ਦੀ ਸੰਭਾਵਨਾ ਹੈ।
ਇਹ ਜਹਾਜ਼ 219 ਭਾਰਤੀਆਂ ਨੂੰ ਲੈ ਕੇ ਮੁੰਬਈ ਲਈ ਰਵਾਨਾ ਹੋ ਗਿਆ ਹੈ। ਏਅਰ ਇੰਡੀਆ ਦੀ ਫਲਾਈਟ ਏਆਈ-1944 ਅੱਜ ਤੜਕੇ 3.38 ਵਜੇ ਮੁੰਬਈ ਤੋਂ ਰਵਾਨਾ ਹੋਈ ਸੀ ਅਤੇ ਕਰੀਬ 10.45 ਵਜੇ ਏਅਰ ਇੰਡੀਆ ਦਾ ਜਹਾਜ਼ ਬੁਖਾਰੈਸਟ ਵਿੱਚ ਉਤਰਿਆ ਸੀ।
ਇਸ ਦੌਰਾਨ ਯੂਕਰੇਨ ਉਤੇ ਰੂਸ ਦੇ ਹਮਲੇ ਤੋਂ ਬਾਅਦ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਯੂਕਰੇਨ ਸਥਿਤ ਭਾਰਤੀ ਦੂਤਘਰ ਨੇ ਨਾਗਰਿਕਾਂ ਨੂੰ ਆਪਣੇ ਅਧਿਕਾਰੀਆਂ ਨਾਲ ਤਾਲਮੇਲ ਕੀਤੇ ਬਗ਼ੈਰ ਸਰਹੱਦੀ ਚੌਕੀਆਂ ‘ਤੇ ਨਾ ਜਾਣ ਲਈ ਕਿਹਾ ਹੈ।
ਭਾਰਤੀ ਦੂਤਘਰ ਨੇ ਕਿਹਾ, ‘ਸਰਹੱਦੀ ਜਾਂਚ ਚੌਕੀਆਂ ‘ਤੇ ਸਥਿਤੀ ਸੰਵੇਦਨਸ਼ੀਲ ਹੈ। ਅਸੀਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ ਵਿੱਚ ਆਪਣੇ ਦੂਤਘਰਾਂ ਨਾਲ ਕੰਮ ਕਰ ਰਹੇ ਹਾਂ। ਸਾਨੂੰ ਭਾਰਤੀਆਂ ਨੂੰ ਕੱਢਣਾ ਮੁਸ਼ਕਲ ਹੋ ਰਿਹਾ ਹੈ, ਜੋ ਬਿਨਾਂ ਦੱਸੇ ਸਰਹੱਦੀ ਚੌਕੀਆਂ ‘ਤੇ ਪਹੁੰਚ ਗਏ ਹਨ। ਪੂਰਬੀ ਖੇਤਰ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਅਗਲੇ ਨਿਰਦੇਸ਼ਾਂ ਤੱਕ ਆਪਣੇ ਨਿਵਾਸ ਸਥਾਨ ‘ਤੇ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ।