ਨਵਜੋਤ ਸਿੱਧੂ ਨਾਲ 2 ਕਰੋੜ ਦੀ ਧੋਖਾਧੜੀ, ਜਾਣੋ ਕੀ ਹੈ ਪੂਰਾ ਮਾਮਲਾ
ਅੰਮ੍ਰਿਤਸਰ: ਪਿਛਲੇ ਕਾਫੀ ਸਮੇ ਤੋਂ ਸੁਰਖੀਆਂ ‘ਚ ਚਲ ਰਹੇ ਸਿੱਧੂ ਜੋੜੇ ਨੂੰ ਲੈ ਕੇ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ.ਨਵਜੋਤ ਕੌਰ ਸਿੱਧੂ ਨੇ ਆਪਣੇ ਸਾਬਕਾ ਨਿੱਜੀ ਸਹਾਇਕ ਅਤੇ ਅਮਰੀਕਾ ਵਿੱਚ ਰਹਿੰਦੇ ਇੱਕ ਐਨਆਰਆਈ ‘ਤੇ 2 ਕਰੋੜ ਤੋਂ ਵੱਧ ਦੀ ਧੋਖਾਧੜੀ ਦੇ ਗੰਭੀਰ ਦੋਸ਼ ਲਾਏ ਹਨ। ਇਹ ਮਾਮਲਾ ਰਣਜੀਤ ਐਵੀਨਿਊ ਸਥਿਤ ਐਸਸੀਓ (ਦੁਕਾਨ-ਕਮ-ਆਫ਼ਿਸ) ਨੰਬਰ 10 ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਹੈ। ਜਿਸ ਦੀ ਜਾਂਚ ਆਰਥਿਕ ਅਪਰਾਧ (ਈਓ) ਵਿੰਗ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਹੁਣ ਡ੍ਰੋਨ ਰਾਹੀਂ ਚੰਡੀਗੜ੍ਹ PGI ਪਹੁੰਚਣਗੇ ਅੰਗ; ਟਰੈਫਿਕ ਕਾਰਨ ਆਉਂਦੀ ਸੱਮਸਿਆ ਤੋਂ ਮਿਲੇਗੀ ਨਿਜਾਤ
ਡਾ. ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਸਥਿਤ ਐਨਆਰਆਈ ਅੰਗਦਪਾਲ ਸਿੰਘ ਨੇ ਆਪਣੇ ਮਾਮੇ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਧੋਖਾਧੜੀ ਕੀਤੀ ਹੈ। ਇਸ ਤੋਂ ਇਲਾਵਾ ਸਾਬਕਾ ਨਿੱਜੀ ਸਹਾਇਕ ਗੌਰਵ ਅਤੇ ਉਸ ਦੇ ਸਾਥੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਮਾਮਲੇ ਦੀ ਜਾਂਚ ਜਾਰੀ
ਡਾ. ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਅੰਗਦ ਪਾਲ ਸਿੰਘ ਨੇ ਰਣਜੀਤ ਐਵੀਨਿਊ ਸਥਿਤ ਐਸ.ਸੀ.ਓ ਨੰਬਰ 10 ਨੂੰ ਵੇਚਣ ਦਾ ਪ੍ਰਸਤਾਵ ਰੱਖਿਆ ਸੀ। ਇਸ ਦੇ ਲਈ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ।ਡਾ: ਸਿੱਧੂ ਨੇ ਇਸ ਜਾਇਦਾਦ ਦੀ ਬੁਕਿੰਗ ਲਈ ਅੰਗਦ ਪਾਲ ਸਿੰਘ ਦੇ ਖਾਤੇ ਵਿੱਚ 1.2 ਕਰੋੜ ਰੁਪਏ ਟਰਾਂਸਫਰ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਵਾਰ ਪੇਮੈਂਟ ਲਈ ਚੈੱਕ ਵੀ ਦਿੱਤੇ, ਜੋ ਕਿ ਉਸ ਦੇ ਨਿੱਜੀ ਸਹਾਇਕ ਗੌਰਵ ਨੇ ਕੈਸ਼ ਕਰਵਾ ਕੇ ਰਕਮ ਅੰਗਦ ਦੇ ਏਜੰਟ ਨੂੰ ਦਿੱਤੀ। ਪਰ ਜਦੋਂ ਡਾ.ਸਿੱਧੂ ਨੇ ਰਜਿਸਟਰੀ ਕਰਵਾਉਣ ਲਈ ਦਬਾਅ ਪਾਇਆ ਤਾਂ ਮੁਲਜ਼ਮ ਬਹਾਨੇ ਬਣਾਉਣ ਲੱਗੇ। ਇਸ ਧੋਖਾਧੜੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਹੁਣ ਈਓ ਵਿੰਗ ਨੂੰ ਸੌਂਪ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।