1984 ਦੇ ਸਿੱਖ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

0
110

ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਨਵੰਬਰ 1984 ’ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤੇ ਗਏ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਨੇ ਕੀਰਤਨ ਕੀਤਾ ਅਤੇ ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਨਵੰਬਰ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਨੂੰ ਸਿੱਖ ਕੌਮ ’ਤੇ ਹੋਇਆ ਵੱਡਾ ਹਮਲਾ ਕਿਹਾ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ ਅਤੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਵੰਬਰ 1984 ਦਾ ਦੁਖਾਂਤ ਅਤਿ ਦੁਖਦਾਈ ਸੀ, ਜਿਸ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸੁਲੱਖਣ ਸਿੰਘ ਭੰਗਾਲੀ, ਸ. ਸੁਖਬੀਰ ਸਿੰਘ, ਸ. ਨਿਰਵੈਲ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਬਘੇਲ ਸਿੰਘ, ਵਧੀਕ ਮੈਨੈਜਰ ਸ. ਇਕਬਾਲ ਸਿੰਘ ਮੁਖੀ, ਸ. ਦਰਸ਼ਨ ਸਿੰਘ, ਸ. ਨਿਸ਼ਾਨ ਸਿੰਘ, ਸ. ਜਸਪਾਲ ਸਿੰਘ ਸਮੇਤ ਸੰਗਤਾਂ ਹਾਜ਼ਰ ਹਨ।

ਸਿੱਖ ਕਤਲੇਆਮ ਦੇ 37 ਸਾਲ ਬਾਅਦ ਵੀ ਕੌਮ ਦੇ ਜ਼ਖ਼ਮ ਨਹੀਂ ਭਰੇ- ਬੀਬੀ ਜਗੀਰ ਕੌਰ

ਦਿੱਲੀ, ਕਾਨ੍ਹਪੁਰ ਤੇ ਬੋਕਾਰੋ ਆਦਿ ਥਾਵਾਂ ’ਤੇ ਨਵੰਬਰ 1984 ਵਿਚ ਹਕੂਮਤੀ ਸ਼ਹਿ ਹੇਠ ਕੀਤੇ ਗਏ ਸਿੱਖ ਕਤਲੇਆਮ ਦੇ ਜ਼ਖ਼ਮ 37 ਸਾਲ ਬੀਤਣ ਬਾਅਦ ਵੀ ਨਹੀਂ ਭਰੇ ਹਨ ਅਤੇ ਦੁੱਖ ਦੀ ਗੱਲ ਹੈ ਕਿ ਕੌਮ ਨੂੰ ਏਨੇ ਲੰਮੇ ਸਮੇਂ ਮਗਰੋਂ ਵੀ ਇਨਸਾਫ਼ ਨਹੀਂ ਮਿਲਿਆ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਕਤਲੇਆਮ ਦੀ ਵਰ੍ਹੇਗੰਢ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਨਵੰਬਰ 1984 ’ਚ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਕਈ ਦਿਨ ਸਿੱਖਾਂ ’ਤੇ ਕਹਿਰ ਢਾਹਿਆ ਗਿਆ, ਜਿਸ ਨੇ ਦੁਨੀਆਂ ਦੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਇਹ ਮਾਨਵਤਾ ਵਿਰੋਧੀ ਕਰੂਰ ਕਾਰਾ ਸੀ, ਜਿਸ ਤੋਂ ਕਾਂਗਰਸ ਕਦੇ ਵੀ ਬਰੀ ਨਹੀਂ ਹੋ ਸਕਦੀ।

ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਤਾਂ ਕੀ ਮਿਲਣੀਆਂ ਸਨ, ਉਲਟਾ ਅੱਜ ਵੀ ਕਾਂਗਰਸ ਦੋਸ਼ੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਹੁਣੇ ਹੀ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵਿਚ ਵੱਡਾ ਅਹੁਦਾ ਦੇ ਕੇ ਨਿਵਾਜਿਆ ਗਿਆ ਹੈ। ਇਹ ਸਿੱਖਾਂ ਦੇ ਜ਼ਖ਼ਮਾਂ ਨੂੰ ਹੋਰ ਕੁਰੇਦਣ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ’ਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਬਾਰ-ਬਾਰ ਧੋਖਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਨਵੰਬਰ ਮਹੀਨਾ ਆਉਂਦੇ ਹੀ ਸਿੱਖ ਕੌਮ ਦੇ ਜ਼ਖ਼ਮ ਰਿਸਦੇ ਹਨ, ਪਰ ਸਰਕਾਰਾਂ ਵੱਲੋਂ ਅੱਜ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ।

LEAVE A REPLY

Please enter your comment!
Please enter your name here