ਪੀਐੱਮ ਮੋਦੀ ਨੇ ਰਾਸ਼ਟਰ ਦੇ ਨਾਂ ਸੰਬੋਧਨ ਕਰਦਿਆਂ ਲੋਕਾਂ ਨੂੰ ਆਉਂਦੇ ਨਵੇਂ ਸਾਲ ਦੇ ਤਿਉਹਾਰਾਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਤੋਂ ਚੌਕਸ ਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ। ਕਿਉੱਕਿ ਇਸਦੇ ਵੀ ਦੇਸ਼ ਅੰਦਰ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ 15-18 ਸਾਲ ਤੱਕ ਦੇ ਬੱਚਿਆਂ ਦਾ ਕੋਰੋਨਾ ਰੋਕੂ ਟੀਕਾਕਰਨ ਪ੍ਰੋਗਰਾਮ 3 ਜਨਵਰੀ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਿਗਿਆਨੀ ਓਮੀਕਰੋਨ ਦੇ ਟਾਕਰੇ ਲਈ ਖੋਜ ਦੇ ਕੰਮ ’ਚ ਜੁਟੇ ਹੋਏ ਹਨ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਸਥਿਤੀ ਤੋਂ ਘਬਰਾਉਣ ਨਾ ਅਤੇ ਮਾਸਕ ਪਹਿਨਦੇ ਰਹਿਣੇ ਤੇ ਹੱਥ ਧੋਂਦੇ ਰਹਿਣ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹਸਪਤਾਲਾਂ ’ਚ ਆਕਸੀਜਨ ਤੇ ਬੈੱਡਾਂ ਦਾ ਢੁਕਵਾਂ ਪ੍ਰਬੰਧ ਕੀਤਾ ਹੈ ਅਤੇ ਨੇਜ਼ਲ ਤੇ ਡੀਐੱਨਏ ਵੈਕਸੀਨ ਵੀ ਜਲਦੀ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਕਾਮਿਆਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ 10 ਜਨਵਰੀ ਤੋਂ ਤੀਜੀ ਡੋਜ਼ ਦੇਣੀ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਦੀ 90 ਫੀਸਦ ਤੋਂ ਵੱਧ ਯੋਗ ਅਬਾਦੀ ਨੂੰ ਕਰੋਨਾ ਰੋਕੂ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਰ ਤੇ ਅਫਵਾਹਾਂ ਤੋਂ ਬਚਣ। ਉਨ੍ਹਾਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਡਾਕਟਰ ਦੀ ਸਲਾਹ ਮੁਤਾਬਕ ਕੋਵਿਡ ਵੈਕਸੀਨ ਦੀ ਤੀਜ਼ੀ ਡੋਜ਼ ਦਿੱਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁੱਧ ਭਾਰਤ ਦੀ ਲੜਾਈ ਸ਼ੁਰੂ ਤੋਂ ਹੀ ਵਿਗਿਆਨਕ ਸਿਧਾਂਤਾਂ ਅਤੇ ਵਿਗਿਆਨਕ ਵਿਧੀ ‘ਤੇ ਆਧਾਰਿਤ ਰਹੀ ਹੈ ਅਤੇ ਇਹ ਸਾਰੇ ਫੈਸਲੇ ਵੀ ਵਿਗਿਆਨੀਆਂ ਦੇ ਹੁਣ ਤੱਕ ਦੇ ਤਜ਼ਰਬਿਆਂ ਨੂੰ ਧਿਆਨ ‘ਚ ਰੱਖ ਕੇ ਲਏ ਗਏ ਹਨ।