ਹਰਿਆਣਾ : ਦਿੱਲੀ ਦੀਆਂ ਸਰਹੱਦਾਂ ‘ਤੇ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਮਹੀਨਿਆਂ ਤੋਂ ਚੱਲ ਰਹੇ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਆਜ਼ਾਦੀ ਦਿਵਸ ਦੇ ਸਮਾਗਮਾਂ ‘ਚ ਵਿਘਨ ਦਾ ਡਰ ਹੈ। ਜਿਸਦੇ ਚੱਲਦਿਆਂ ਹਰਿਆਣਾ ‘ਚ ਬੀਜੇਪੀ – ਜੇਜੇਪੀ ਸਰਕਾਰ ਦੀ ਸਿਖਰ ਅਗਵਾਈ ਨੇ ਉਨ੍ਹਾਂ ਜ਼ਿਲ੍ਹਿਆਂ ‘ਚ ਤਿਰੰਗਾ ਨਾ ਲਹਿਰਾਉਣ ਦਾ ਫੈਸਲਾ ਲਿਆ ਹੈ ਜਿੱਥੇ 15 ਅਗਸਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਖੜੀ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ‘ਚ ਕੈਂਥਲ, ਰੋਹਤਕ, ਸੋਨੀਪਤ ਸਮੇਤ ਕੁਲ 7 ਜਿਲ੍ਹੇ ਸ਼ਾਮਿਲ ਹਨ।
ਰਾਜ ਦੇ ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ਨੇ ਕੈਂਥਲ, ਰੋਹਤਕ, ਸਿਰਸਾ, ਕੁਰੂਕਸ਼ੇਤਰ, ਜੀਂਦ, ਝੱਜਰ ਅਤੇ ਸੋਨੀਪਤ ਜ਼ਿਲ੍ਹਿਆਂ ‘ਚ ਰਾਸ਼ਟਰੀ ਝੰਡਾ ਨਾ ਲਹਿਰਾਉਣ ਦਾ ਫੈਸਲਾ ਕੀਤਾ ਹੈ। ਇਸਦੀ ਬਜਾਏ ਡਿਪਟੀ ਕਮਿਸ਼ਨਰ ਇਨ੍ਹਾਂ ਜ਼ਿਲ੍ਹਿਆਂ ‘ਚ ਰਾਸ਼ਟਰੀ ਝੰਡਾ ਲਹਿਰਾਉਣਗੇ। ਮਹੀਨਿਆਂ ਤੋਂ ਸਿੰਘੂ ਅਤੇ ਟਿਕਰੀ ਸਰਹੱਦਾਂ ‘ਤੇ ਡੇਰਾ ਪਾਏ ਹੋਏ ਸਾਰੇ ਕਿਸਾਨ ਇਨ੍ਹਾਂ ਸੱਤ ਜ਼ਿਲ੍ਹਿਆਂ ਦੇ ਹਨ। ਰਾਜ ਦੇ ਮੁੱਖ ਸਕੱਤਰ ਦੇ ਦਫ਼ਤਰ ਵੱਲੋਂ ਜਾਰੀ ਆਜ਼ਾਦੀ ਦਿਵਸ ਸਮਾਗਮ ਦੇ ਪ੍ਰੋਗਰਾਮ ਅਨੁਸਾਰ ਮੁੱਖਮੰਤਰੀ ਮਨੋਹਰ ਲਾਲ ਖੱਟਰ ਫਰੀਦਾਬਾਦ ‘ਚ ਰਾਸ਼ਟਰੀ ਝੰਡਾ ਲਹਿਰਾਉਣਗੇ। ਜਦੋਂ ਕਿ ਉਪ ਮੁੱਖਮੰਤਰੀ ਦੁਸ਼ਯੰਤ ਚੌਟਾਲਾ ਮਹੇਂਦਰਗੜ੍ਹ ‘ਚ ਤਿਰੰਗਾ ਲਹਿਰਾਉਣਗੇ।