ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ 15 ਅਗਸਤ ਨੂੰ ਦੇਸ਼ ਦੀਆਂ ਹਾਕਮ ਸਰਕਾਰਾਂ ਵੱਲੋਂ ਭਾਰਤ ਦੀ 75ਵੀਂ ਅਜਾਦੀ ਵਰੇਗੰਡ ਦੇ ਨਾਮ ਤੇ ਜਸ਼ਨ ਮਨਾ ਕੇ ਅਧੂਰੀ ਆਜ਼ਾਦੀ ਨੂੰ ਪੂਰਨ ਆਜ਼ਾਦੀ ਦਾ ਨਾਮ ਦਿੱਤਾ ਜਾ ਰਿਹਾ ਹੈ। ਜਦਕਿ 1947 ਤੋ ਬਾਅਦ ਦੇਸ਼ ਦੇ ਕਿਰਤੀ ਲੋਕ ਤੇ ਕਿਸਾਨ ਮਜ਼ਦੂਰ ਅੱਜ ਵੀ ਪੂਰਨ ਆਜ਼ਾਦੀ ਨੂੰ ਤਰਸ ਰਹੇ ਹਨ।
ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੇ ਕਿਹਾ ਕਿ ਪੰਜਾਬ ਭਰ ਵਿੱਚ ਅੰਮ੍ਰਿਤਸਰ,ਤਰਨਤਾਰਨ,ਗੁਰਦਾਸਪੁਰ,ਫਿਰੋਜ਼ਪੁਰ,ਮੋਗਾ, ਜਲੰਧਰ,ਹੁਸ਼ਿਆਰਪੁਰ,ਕਪੂਰਥਲਾ,ਫਾਜ਼ਿਲਕਾ ਆਦਿ ਸਮੇਤ ਜਿਲ੍ਹਾ ਹੈੱਕੁਆਰਟਰਾਂ ਤੇ ਜਥੇਬੰਦੀ ਵੱਲੋਂ ਵਿਸ਼ਾਲ ਇਕੱਠ ਕਰਕੇ ਭ੍ਰਿਸ਼ਟ ਰਾਜ ਪ੍ਰਬੰਧ ਦੇ ਪੁਤਲੇ ਫੂਕੇ ਜਾਣਗੇ ਤੇ ਰੋਡ ਮਾਰਚ ਕਰਕੇ ਪੂਰਨ ਆਜ਼ਾਦੀ ਦੀ ਮੰਗ ਕੀਤੀ ਜਾਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਹਾਕਮ ਸਰਕਾਰ ਆਜ਼ਾਦੀ ਦੇ ਜਸ਼ਨਾਂ ਵਿੱਚ ਮਸਰੂਫ ਹੈ ਜਦਕਿ ਦੇਸ਼ ਦੇ ਕਿਰਤੀ ਕਿਸਾਨ ਮਜ਼ਦੂਰ ਦਿੱਲੀ ਦੀਆਂ ਸੜਕਾਂ ਤੇ ਲਗਾਤਾਰ 8 ਮਹੀਨਿਆ ਤੋ ਸੰਘਰਸ਼ ਕਰ ਰਹੇ ਹਨ। ਜਿੱਥੇ 600 ਦੇ ਕਰੀਬ ਸ਼ਹੀਦੀਆਂ ਹੋ ਚੁੱਕੀਆਂ ਹਨ ਪਰ ਕੇਂਦਰ ਸਰਕਾਰ ਦੇਸ਼ ਦੇ ਜਨਤਕ ਤੇ ਆਰਥਿਕ ਸੋਮੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਬਜਿੱਦ ਹੈ।
ਆਗੂਆਂ ਨੇ ਕਿਹਾ ਕਿ ਜੋ ਦੇਸ਼ ਦੇ ਗ਼ਦਰੀ ਬਾਬਿਆ ਤੇ ਹੋਰ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਅਜਾਦ ਭਾਰਤ ਦਾ ਸੁਪਨਾ ਆਪਣੀਆ ਅੱਖਾਂ ਵਿੱਚ ਦੇਖਿਆ ਸੀ,ਉਹ ਪੂਰਾ ਨਹੀਂ ਹੋਇਆ।ਅੱਜ ਵੀ ਅੰਗਰੇਜਾਂ ਦੇ ਕਾਲੇ ਕਾਨੂੰਨ ਹੀ ਦੇਸ਼ ਦੀ ਜਨਤਾ ਉੱਤੇ ਥੋਪੇ ਜਾਂਦੇ ਹਨ। ਦੇਸ਼ ਦੇ ਕਿਰਤੀ ਲੋਕਾਂ ਦੀ ਲੁੱਟ ਖਸੁੱਟ ਅਜੇ ਵੀ ਜਾਰੀ ਹੈ। ਜਿਸਦੇ ਖਿਲਾਫ ਕੱਲ੍ਹ 15 ਅਗਸਤ ਨੂੰ ਅਟਾਰੀ ਬਾਘਾ ਬਾਰਡਰ ਤੋਂ ਹਜਾਰਾਂ ਮੋਟਰਸਾਇਕਲਾਂ ਦਾ ਵਿਸ਼ਾਲ ਕਾਫਲੇ ਰੋਡ ਮਾਰਚ ਕਰਦਾ ਹੋਇਆ ਗੋਲਡਨ ਗੇਟ ਤੇ ਰਾਜ ਪ੍ਰਬੰਧ ਦਾ ਪੁਤਲਾ ਫੂਕ ਕੇ ਬਿਆਸ ਵਿਖੇ ਸਮਾਪਤ ਹੋਵੇਗਾ ਤੇ ਪੂਰਨ ਆਜ਼ਾਦੀ ਦੀ ਮੰਗ ਕਰੇਗਾ। ਸ਼ਾਮ ਨੂੰ ਪਿੰਡ ਪੱਧਰ ਤੇ ਕੈਂਡਲ ਮਾਰਚ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।