12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਉੱਠੇ ਵਿਵਾਦ ’ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਹੈ ਕਿ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਦੀ ਜਾਂਚ ਕਰਵਾਈ ਜਾ ਰਹੀ ਹੈ। ਜਿਸ ਦੀ ਰਿਪੋਰਟ 5 ਮਾਰਚ ਤਕ ਆ ਜਾਵੇਗੀ। ਇਸ ਮਾਮਲੇ ’ਚ ਜੇਕਰ ਕੋਈ ਵੀ ਵਿਅਕਤੀ ਜਾਂ ਅਧਿਕਾਰੀ ਗ਼ੈਰ ਜ਼ਿੰਮੇਵਾਰ ਪਾਇਆ ਗਿਆ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਇਸ ਕਿਤਾਬ ’ਚ ਸਿੱਖਾਂ ਦੇ ਛੇਵੇਂ ਗੁਰੂ ਦੇ ਸਬੰਧ ’ਚ ਵਿਵਾਦਤ ਗੱਲਾਂ ਲਿਖੀਆਂ ਗਈਆਂ ਹਨ। ਜਿਸ ’ਚ ਕਿਹਾ ਗਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੁਗ਼ਲ ਫ਼ੌਜ ’ਚ ਨੌਕਰੀ ਕੀਤੀ। ਉਨ੍ਹਾਂ ਨੂੰ ਜੱਟਾਂ ਨੇ ਤਲਵਾਰ ਉਠਾਉਣ ਲਈ ਮਜਬੂਰ ਕੀਤਾ। ਆਮ ਆਦਮੀ ਪਾਰਟੀ ਪੰਜਾਬ ਦੇ ਤਰਜ਼ਮਾਨ ਕੁਲਤਾਰ ਸਿੰਘ ਸੰਧਵਾਂ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ।
ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਦੇ ਦਫਤਰ ਦੇ ਸਾਹਮਣੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ +12 ਜਮਾਤ ਦੇ ਵਿਦਿਆਰਥੀਆਂ ਨੂੰ ਪੜਾਏ ਜਾਣ ਦੇ ਵਿਰੋਧ ਵਿਚ ਚੱਲ ਰਿਹਾ ਸਰਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਧਰਨਾ 7/2/2022 ਤੋਂ ਵੱਖ ਵੱਖ ਧਾਰਮਿਕ ਤੇ ਸਿੱਖ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਜਾਰੀ ਹੈ ਜਿਸਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਜਦੋਂ ਵੱਖ ਵੱਖ ਆਗੂਆਂ ਨੇ ਪਹੁੰਚ ਕੇ ਆਪਣਾ ਸਮਰਥਨ ਜਿਤਾਇਆ ਤੇ ਰੋਸ ਪ੍ਰਗਟ ਕੀਤਾ।
ਇਸ ਸਮੇਂ ਬਲਦੇਵ ਸਿੰਘ ਸਿਰਸਾ ਨੇ ਪ੍ਰੈਸ ਨੂੰ ਸਬੋਧਨ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਇਤਿਹਾਸ ਨੂੰ ਵਿਗਾੜੇ ਜਾਣ ਬਾਰੇ ਪ੍ਰੈਸ ਤੇ ਆਉਣ ਵਾਲੀ ਸੰਗਤ ਨੂੰ ਜਾਣਕਾਰੀ ਦਿਤੀ ਤੇ ਨਾਲ ਹੀ 28/2 ਰੋਸ ਰੈਲ਼ੀ ਨੂੰ ਸਫਲ ਬਨਾਣ ਲਈ ਸਿੱਖ ਸੰਗਤ ਨੂੰ ਅਪੀਲ ਕੀਤੀ ਇਸ ਸਮੇਂ ਵੱਖ ਵੱਖ ਆਗੂਆਂ ਨੇ ਸਮੂਲੀਅਤ ਕੀਤੀ ਜਿਵੇ ਕਿ ਜਥੇਦਾਰ ਸੰਤੋਖ ਸਿੰਘ, ਮਿਲਖਾ ਸਿੰਘ , ਗੁਰਲਾਲ ਸਿੰਘ , ਦਵਿੰਦਰ ਸਿੰਘ , ਵੱਖ ਵੱਖ ਨਿਹੰਗ ਜਥੇਬੰਦੀਆਂ , ਕਲਵਿੰਦਰ ਸਿੰਘ ਪੰਜੋਲਾ, ਪ੍ਰੋ ਹਰਲਾਲ ਸਿੰਘ ਸਾਬਕਾ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ, ਸਤਬੀਰ ਸਿੰਘ ਮੱਕੜ, ਨਸੀਬ ਸਿੰਘ ਸਾਂਗਣਾ, ਮਨਿੰਦਰ ਸਿੰਘ, ਗੁਰਚਰਨ ਸਿੰਘ, ਗੁਰਨਾਮ ਸਿੰਘ ਸਿੱਧੂ, ਵੱਖ ਵੱਖ ਪਿੰਡਾਂ ਦੀਆਂ ਗੁਰੂਦੁਆਰਾ ਤੇ ਕਮੇਟੀਆਂ ਨੇ ਹਿੱਸਾ ਲਿਆ।