ਸੰਸਦ ਮਾਨਸੂਨ ਸੈਸ਼ਨ ਦੇ ਅੱਜ ਯਾਨੀ ਮੰਗਲਵਾਰ ਨੂੰ ਦੂਜੇ ਦਿਨ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮੁੱਦਾ ਗਰਮਾਇਆ ਹੋਇਆ ਹੈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੁਲਤਵੀ ਕਰਨੀ ਪਈ। ਉੱਥੇ ਹੀ ਵਿਰੋਧੀ ਦਲਾਂ ਨੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ’ਤੇ ਬੈਠਕ ਬੁਲਾਈ ਹੈ।
ਉੱਥੇ ਹੀ ਰਾਜ ਸਭਾ ਦੇ ਸਪੀਕਰ ਅਤੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਮੁਅੱਤਲ ਫਾਈਨਲ ਹੈ ਅਤੇ ਇਸ ਨੂੰ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਮਾਨਸੂਨ ਸੈਸ਼ਨ ’ਚ ਜੋ ਹੋਇਆ, ਉਹ ਅੱਜ ਵੀ ਸਾਨੂੰ ਡਰਾਉਂਦਾ ਹੈ। ਸਪੀਕਰ ਨੇ ਕਿਹਾ,‘‘ਮੈਂ ਉਮੀਦ ਕਰਦਾ ਹਾਂ ਸਦਨ ਦੇ ਮੁੱਖ ਲੋਕ ਉਸ ਘਟਨਾ ਦੀ ਨਿੰਦਾ ਕਰਨਗੇ, ਜੋ ਪਿਛਲੇ ਸੈਸ਼ਨ ’ਚ ਹੋਇਆ ਸੀ।
ਇਸ ਲਈ ਵਿਰੋਧੀ ਦਲਾਂ ਦੇ ਆਗੂਆਂ ਨੇ ਅੱਜ 12 ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਖਿਲਾਫ ਸੰਸਦ ‘ਚ ਗਾਂਧੀ ਜੀ ਦੀ ਮੂਰਤੀ ਦੇ ਸਾਹਮਣੇ ਧਰਨਾ ਦਿੱਤਾ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਮੁਅੱਤਲੀ ਨੂੰ ਨਿਯਮਾਂ ਦੇ ਖਿਲਾਫ ਕਰਾਰ ਦਿੰਦਿਆਂ ਕਿਹਾ ਕਿ ਇਸ ਦੇ ਵਿਰੋਧ ‘ਚ ਵਿਰੋਧੀ ਪਾਰਟੀਆਂ ਨੇ ਅੱਜ ਰਾਜ ਸਭਾ ਦੀ ਕਾਰਵਾਈ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ ਲੋਕਤੰਤਰ ਦਾ ਕਤਲ ਦੱਸਦਿਆਂ ਉਨ੍ਹਾਂ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਕੀਤੀ।
ਧਰਨੇ ਵਿੱਚ ਸ਼ਾਮਲ ਹੋਈ ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜੇਕਰ ਇਹ ਗੈਰ-ਜਮਹੂਰੀ, ਸੰਸਦੀ ਨਿਯਮਾਂ ਦੇ ਖ਼ਿਲਾਫ਼, ਜਨਤਕ ਮੁੱਦੇ ਉਠਾਉਣ ਅਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਵਿਰੋਧ ਕਰਨਾ ਹੈ ਤਾਂ ਉਹ ਅਜਿਹੀਆਂ 100 ਮੁਅੱਤਲੀਆਂ ਨੂੰ ਸਵੀਕਾਰ ਕਰਦੀ ਹੈ।