ਸੀਐਮ ਦੀ ਯੋਗਸ਼ਾਲਾ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਮਨਾਇਆ 11ਵਾਂ ਕੌਮਾਂਤਰੀ ਯੋਗਾ ਦਿਹਾੜਾ

0
12

ਸ੍ਰੀ ਮੁਕਤਸਰ ਸਾਹਿਬ, 21 ਜੂਨ: ਨਾਗਰਿਕਾਂ ਨੂੰ ਨਿਰੋਗੀ ਅਤੇ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ 11ਵਾਂ ਕੌਮਾਂਤਰੀ ਯੋਗਾ ਦਿਹਾੜਾ ਮਨਾਇਆ ਗਿਆ। ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀ ਯੋਗ ਅਗਵਾਈ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ‘ਸੀਐਮ ਦੀ ਯੋਗਸ਼ਾਲਾ’ ਅਤੇ ਆਯੂਰਵੇਦ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦਾ ਉਦੇਸ਼ ਨਾਗਰਿਕਾਂ ਵਿੱਚ ਯੋਗ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਵੱਖ-ਵੱਖ ਉਮਰ ਵਰਗ ਦੇ ਭਾਗੀਦਾਰਾਂ, ਬੱਚਿਆਂ, ਨੌਜਵਾਨਾਂ, ਸੀਨੀਅਰ ਨਾਗਰਿਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ, ਨੇ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਕੱਠੇ ਯੋਗਾ ਦਾ ਅਭਿਆਸ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਯੋਗ ਦੇ ਪ੍ਰਸਾਰ ਲਈ ਵੱਡੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗ ਸਾਡੇ ਦੇਸ਼ ਦੀ ਵਿਰਾਸਤ ਹੈ ਅਤੇ ਇਹ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਯੋਗ ਨੂੰ ਹਰ ਰੋਜ਼ ਦੀ ਜੀਵਨਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵਿਅਕਤੀ ਦਾ ਸਰੀਰ ਅਤੇ ਮਨ ਸਾਰਾ ਹਲਕਾ ਰਹਿੰਦਾ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੂਰੇ ਸ੍ਰੀ ਮੁਕਤਸਰ ਜ਼ਿਲ੍ਹੇ ਵਿੱਚ ‘ਸੀ.ਐਮ. ਦੀ ਯੋਗਸ਼ਾਲਾ’ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ‘ਤੇ ਤਜਰਬੇਕਾਰ ਟ੍ਰੇਨਰਾਂ ਵੱਲੋਂ ਯੋਗ ਦੀ ਮੁਫ਼ਤ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਰੋਜ਼ਾਨਾ 22 ਯੋਗਾ ਟ੍ਰੇਨਰਾਂ ਵੱਲੋਂ 128 ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੋਗ ਦਾ ਭਰਪੂਰ ਲਾਭ ਲੈਣ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in ‘ਤੇ ਲਾਗਇਨ ਕੀਤਾ ਜਾ ਸਕਦਾ ਹੈ।
ਪ੍ਰੋਗਰਾਮ ਦੌਰਾਨ, ਭਾਗੀਦਾਰਾਂ ਨੇ ਸੂਰਜ ਨਮਸਕਾਰ, ਪ੍ਰਾਣਾਯਾਮ, ਤਾਡਾਸਨ, ਤ੍ਰਿਕੋਣਾਸਨ, ਭੁਜੰਗਾਸਨ ਸਮੇਤ ਵੱਖ-ਵੱਖ ਯੋਗ ਆਸਣਾਂ ਦਾ ਅਭਿਆਸ ਕੀਤਾ। ਪ੍ਰੋਗਰਾਮ ਵਾਲੇ ਸਥਾਨ ‘ਤੇ ਮਿੱਠੇ ਠੰਡੇ ਪਾਣੀ ਦੀ ਛਬੀਲ ਅਤੇ ਰਿਫਰੈਸ਼ਮੈਂਟ ਲਈ ਵੀ ਸੁਚੱਜੇ ਪ੍ਰਬੰਧ ਕੀਤੇ ਗਏ ਸਨ।

LEAVE A REPLY

Please enter your comment!
Please enter your name here