10 ਮਾਰਚ ਨੂੰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਬਣੇਗੀ ਸਰਕਾਰ : ਭਗਵੰਤ ਮਾਨ

0
52

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ 10 ਮਾਰਚ ਨੂੰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਇਸ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਸਰਕਾਰੀ ਖ਼ਜ਼ਾਨੇ ਦੀ ਲੁੱਟ ਨੂੰ ਬੰਦ ਕੀਤਾ ਜਾਵੇਗਾ ਅਤੇ ਖ਼ਜ਼ਾਨੇ ਦਾ ਮੂੰਹ ਆਮ ਲੋਕਾਂ ਵੱਲ ਖੋਲ੍ਹਿਆ ਜਾਵੇਗਾ।

ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਨਵੀਂ ਇਬਾਰਤ ਲਿਖਣ ਲਈ ਬਿਨਾਂ ਕਿਸੇ ਡਰ, ਲਾਲਚ ਅਤੇ ਸਿਫ਼ਾਰਸ਼ ਤੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਾਸੀ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਤੋਂ ਜ਼ਰੂਰ ਸੁਚੇਤ ਰਹਿਣ।

ਭਗਵੰਤ ਮਾਨ ਨੇ ਕਿਹਾ, ”ਆਮ ਆਦਮੀ ਪਾਰਟੀ ਪੂਰੀ ਤਨਦੇਹੀ ਨਾਲ ਚੋਣਾ ਲੜੇਗੀ। ਅਸੀਂ ਗਰੰਟੀ ਲੈਂਦੇ ਹਾਂ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿਕਾਸ ਲਈ ਰੋਡਮੈਪ ਤਿਆਰ ਹੈ। ਇਕੱਲੇ- ਇਕੱਲੇ ਵਰਗ ਦੇ ਵਿਕਾਸ ਲਈ ਰੋਡਮੈਪ ਤਿਆਰ ਹੈ। ਰੋਡਮੈਪ ਬਾਰੇ ਸਮੇਂ- ਸਮੇਂ ਦੱਸਦੇ ਰਹਾਂਗੇ।”

ਭਗਵੰਤ ਮਾਨ ਨੇ ਕੀਤਾ ਨਵਾਂ ਚੈਂਲੇਜ, ਵਿਰੋਧੀਆਂ ਨਾਲ Face to Face ਕਰਾਂਗੇ ਬਹਿਸ

ਮਾਨ ਨੇ ਕਿਹਾ ਕਿ ਜੇ ਨੀਅਤ ਸਾਫ਼ ਹੋਵੇ ਤਾਂ ਖ਼ਜ਼ਾਨਾ ਭਰਿਆ ਜਾਂਦਾ ਹੈ। ਸਰਕਾਰੀ ਖ਼ਜ਼ਾਨੇ ਦੀ ਲੁੱਟ- ਘਸੁੱਟ ਬੰਦ ਕਰਕੇ ਖ਼ਜ਼ਾਨੇ ਨੂੰ ਭਰਿਆ ਜਾਵੇਗਾ ਅਤੇ ਖ਼ਜ਼ਾਨੇ ਦਾ ਮੂੰਹ ਲੋਕਾਂ ਦੀਆਂ ਸਹੂਲਤਾਂ ਲਈ ਖੋਲ੍ਹਿਆ ਜਾਵੇਗਾ। ਫਿਰ ਪੰਜਾਬ ਦਾ ਕੋਈ ਸਕੂਲ ਅਜਿਹਾ ਨਹੀਂ ਹੋਵੇਗਾ, ਜਿੱਥੇ ਅਧਿਆਪਕ ਨਾ ਹੋਵੇ। ਹਸਪਤਾਲ ਅਜਿਹਾ ਨਹੀਂ ਹੋਵੇਗਾ, ਜਿੱਥੇ ਡਾਕਟਰ, ਇਲਾਜ ਅਤੇ ਦਵਾਈ ਤੋਂ ਬਿਨਾਂ ਕਿਸੇ ਨੂੰ ਜਾਨ ਗੁਆਉਣੀ ਪਵੇ।

ਸੱਤਾਧਾਰੀ ਕਾਂਗਰਸ ਪਾਰਟੀ ਦੀ ਐਲਾਨਵਾਦੀ ਨੀਤੀ ‘ਤੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ, ”ਚੋਣਾ ਦਾ ਐਲਾਨ ਹੋਣ ‘ਤੇ ਪੰਜਾਬ ਦੇ ਲੋਕਾਂ ਨੇ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਕਿਉਂਕਿ ਹੁਣ ਉਨ੍ਹਾਂ ਨੂੰ ਨਵੇਂ ਐਲਾਨ, ਗੱਪਾਂ ਅਤੇ ਝੂਠੇ ਬੋਰਡ ਦੇਖਣ ਨੂੰ ਨਹੀਂ ਮਿਲਣਗੇ।” ਮਾਨ ਨੇ ਕਿਹਾ ਕਿ ‘ਆਪ’ ਦੀਆਂ ਚੋਣ ਰੈਲੀਆਂ ‘ਚ ਲੋਕ ਆਪ ਮੁਹਾਰੇ ਆ ਰਹੇ ਹਨ, ਜਦੋਂ ਕਿ ਦੂਜੀਆਂ ਪਾਰਟੀਆਂ ਨੂੰ ਇਕੱਠ ਕਰਨ ਲਈ ਬਹੁਤ ਕੁੱਝ ਹੋਰ ਕਰਨਾ ਪੈਂਦਾ ਹੈ, ਕਿਉਂਕਿ ਪੰਜਾਬ ਦੀ ਸੱਤਾ ਵਿੱਚ ਰਹਿੰਦਿਆਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਲਈ ਕੁੱਝ ਨਹੀਂ ਕੀਤਾ।

ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਚੋਣਾ ਦੇ ਐਲਾਨ ਦਾ ਜ਼ੋਰਦਾਰ ਸਵਾਗਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਦੌਰਾਨ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਤੇ ਫ਼ੈਸਲਿਆਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰੇਗੀ, ਕਿਉਂਕਿ ਇਹ ਹਿਦਾਇਤਾਂ ‘ਆਪ’ ਲਈ ਮਾਫ਼ਕ ਹਨ। ਮਾਨ ਨੇ ਉਮੀਦ ਕੀਤੀ ਕਿ ਵਿਧਾਨ ਸਭਾ ਚੋਣਾ ਪੂਰੀ ਪਾਰਦਰਸ਼ਤਾ ਨਾਲ ਕਰਵਾਈਆਂ ਜਾਣਗੀਆਂ ਅਤੇ ਚੋਣ ਪ੍ਰਚਾਰ ਮੁੱਦਿਆਂ ਦੇ ਆਧਾਰਤ ਹੋਵੇਗਾ। ਪੰਜਾਬ ਵਾਸੀ ਨਫ਼ਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਤੋਂ ਸੁਚੇਤ ਰਹਿਣਗੇ ਅਤੇ ਭਾਈਚਾਰਕ ਸਾਂਝ ਨਹੀਂ ਤੋੜਨਗੇ।

ਦੇਖੋ ਕਿਹੜੀਆਂ ਪਾਰਟੀਆਂ ਨੂੰ ਪਿੰਡਾਂ ‘ਚ ਵੜਨ ਤੋਂ ਲੱਗੀ ਰੋਕ !

ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ, ”ਲੱਖਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲੇ ਵੋਟ ਦੇ ਹੱਕ ਦੀ 14 ਫਰਵਰੀ ਨੂੰ ਸਮੂਹ ਵੋਟਰ ਆਪਣੇ ਵੋਟ ਦੇ ਹੱਕ ਦੀ ਜ਼ਰੂਰ ਵਰਤੋਂ ਕਰਨ। ਪੰਜਾਬ ਦੇ ਭਵਿੱਖ ਅਤੇ ਬੱਚਿਆਂ ਦੇ ਭਵਿੱਖ ਲਈ ਵੋਟ ਜ਼ਰੂਰ ਪਾਉਣ। ਅਸੀਂ ਬਹੁਤ ਦੇਖ ਲਈ ਲੁੱਟ, ਬਹੁਤ ਸਹਿ ਲਈ ਕੁੱਟ। ਸਿਰਫ਼ ਪੱਗਾਂ ਦੇ ਰੰਗ ਬਦਲੇ ਸੀ, ਸਰਕਾਰਾਂ ਦੇ ਰੰਗ ਨਹੀਂ ਬਦਲੇ ਸਨ। ਪੰਜਾਬੀ ਨਵੀਂ ਕਹਾਣੀ ਲਿਖਣ ਲਈ ਜਾਣੇ ਜਾਂਦੇ ਹਨ ਅਤੇ ਦੇਸ਼ ਦੀ ਆਜ਼ਾਦੀ ਦੀ ਜੰਗ, ਹਰੀ ਕ੍ਰਾਂਤੀ ਦੀ ਸ਼ੁਰੂਆਤ ਪੰਜਾਬੀਆਂ ਨੇ ਹੀ ਕੀਤੀ ਸੀ।”

ਪੰਜਾਬ ਵਿੱਚ 10 ਮਾਰਚ ਨੂੰ ਆਉਣ ਵਾਲੀ ਨਵੀਂ ਸਵੇਰ ਦਾ ਦਾਅਵਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਦਿਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਸ ਤੋਂ ਬਾਅਦ ਪੰਜਾਬ ‘ਚ ਧਰਨੇ ਨਹੀਂ ਲੱਗਣਗੇ, ਲੋਕਾਂ ‘ਤੇ ਲਾਠੀਚਾਰਜ ਨਹੀਂ ਹੋਵੇਗਾ ਅਤੇ ਪਾਣੀ ਦੀਆਂ ਬੁਛਾੜਾਂ ਨਹੀਂ ਵੱਜਣਗੀਆਂ। ਲੋਕਾਂ ਦੀ ਸਰਕਾਰ ਲੋਕਾਂ ਲਈ ਕੰਮ ਕਰੇਗੀ। ਇਸ ਮੌਕੇ ਭਗਵੰਤ ਮਾਨ ਨਾਲ ‘ਆਪ’ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਬੁਲਾਰਾ ਜਗਤਾਰ ਸਿੰਘ ਸੰਘੇੜਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here