ਕੋਰੋਨਾ ਤੋਂ ਬਾਅਦ ਜ਼ੀਕਾ ਵਾਇਰਸ ਨੇ ਕਾਨਪੁਰ ‘ਚ ਕਹਿਰ ਮਚਾ ਰੱਖਿਆ ਹੈ। ਇਸ ਦੌਰਾਨ ਜ਼ਿਲ੍ਹੇ ਵਿੱਚ 16 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕਾਨਪੁਰ ਵਿੱਚ ਹੁਣ ਕੁੱਲ 105 ਮਰੀਜ਼ ਹੋ ਚੁੱਕੇ ਹਨ। ਇਨ੍ਹਾਂ ‘ਚ 2 ਗਰਭਵਤੀ ਔਰਤਾਂ ਵੀ ਸ਼ਾਮਿਲ ਹਨ। ਜ਼ਿਲੇ ‘ਚ ਜ਼ੀਕਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਕਾਨਪੁਰ ਦੌਰੇ ‘ਤੇ ਹੋਣਗੇ।
ਜਾਣਕਾਰੀ ਮੁਤਾਬਿਕ ਸੀਐਮ ਯੋਗੀ ਕਾਨਪੁਰ ਵਿਕਾਸ ਅਥਾਰਟੀ ਆਡੀਟੋਰੀਅਮ ‘ਚ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਜ਼ੀਕਾ ਵਾਇਰਸ ਨਾਲ ਨਜਿੱਠਣ ਲਈ ਰਣਨੀਤੀ ਬਣਾਈ ਜਾਵੇਗੀ।
ਕਿਵੇਂ ਫੈਲਦਾ ਹੈ ਇਹ ਵਾਇਰਸ
ਦੱਸ ਦੇਈਏ ਕਿ ਜ਼ੀਕਾ ਇੱਕ ਵਾਇਰਸ ਹੈ ਜੋ ਮੱਛਰਾਂ ਦੁਆਰਾ ਫੈਲਦਾ ਹੈ। ਜੋ ਕਿ ਏਡੀਜ਼ ਇਜਿਪਟੀ ਨਾਮਕ ਮੱਛਰ ਦੀ ਪ੍ਰਜਾਤੀ ਦੇ ਕੱਟਣ ਨਾਲ ਹਰ ਪਾਸੇ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਏਡੀਜ਼ ਮੱਛਰ ਦਿਨ ਵੇਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ।ਇਹ ਮੱਛਰ ਡੇਂਗੂ ਅਤੇ ਚਿਕਨਗੁਨੀਆ ਫੈਲਾਉਂਦਾ ਹੈ। ਹਾਲਾਂਕਿ ਲੋਕਾਂ ਨੂੰ ਇਸ ਵਾਇਰਸ ਨਾਲ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ ਪਰ ਇਹ ਗਰਭਵਤੀ ਔਰਤਾਂ ਖਾਸ ਕਰਕੇ ਭਰੂਣ ਲਈ ਖਤਰਨਾਕ ਹੋ ਸਕਦਾ ਹੈ।