ਹਵਾਈ ਯਾਤਰੀਆਂ ਲਈ ਉਡਾਣ ਹੋਰ ਮਹਿੰਗੀ ਹੋਣ ਜਾ ਰਹੀ ਹੈ। ਏਅਰਕ੍ਰਾਫਟ ਫਿਊਲ (ATF) ਦੀਆਂ ਕੀਮਤਾਂ ‘ਚ ਵਾਧੇ (jet fuel prices) ਦਾ ਅਸਰ ਨਜ਼ਰ ਆਉਣ ਲੱਗਾ ਹੈ। ਤੇਲ ਕੀਮਤਾਂ ਦੀ ਮਾਰ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਏਅਰਲਾਈਨਜ਼ ਨੇ ਯਾਤਰੀ ਕਿਰਾਏ (Air fare) ਵਧਾ ਦਿੱਤੇ ਹਨ। ਏਅਰਲਾਈਨਜ਼ ਦੇ ਇਸ ਕਦਮ ਕਾਰਨ ਕੁਝ ਰੂਟਾਂ ‘ਤੇ ਹਵਾਈ ਕਿਰਾਇਆ ਲਗਭਗ ਦੁੱਗਣਾ ਹੋ ਗਿਆ ਹੈ।
ਇਸ ਪ੍ਰਕਾਰ ਦਿੱਲੀ-ਮੁੰਬਈ, ਹੈਦਰਾਬਾਦ-ਦਿੱਲੀ ਅਤੇ ਚੇਨਈ-ਦਿੱਲੀ ਵਰਗੇ ਵਿਅਸਤ ਰੂਟਾਂ ‘ਤੇ ਔਸਤ ਕਿਰਾਏ ਇਕ ਸਾਲ ਪਹਿਲਾਂ ਦੇ ਮੁਕਾਬਲੇ 50-60 ਫੀਸਦੀ ਵਧ ਗਏ ਹਨ।
ਜਾਣਕਾਰੀ ਅਨੁਸਾਰ 21 ਤੋਂ 31 ਮਾਰਚ ਦੇ ਵਿਚਕਾਰ ਭਾਰਤ ਦੇ ਸਭ ਤੋਂ ਵਿਅਸਤ ਰੂਟ ਦਿੱਲੀ ਤੋਂ ਮੁੰਬਈ ਤੱਕ ਉਡਾਣ ਭਰਨ ਦੀ ਯੋਜਨਾ ਬਣਾ ਰਹੇ ਯਾਤਰੀਆਂ ਨੂੰ ਇੱਕ ਤਰਫਾ ਟਿਕਟ ਦੇ ਕਿਰਾਏ ਲਈ ਲਗਭਗ 7,956 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਇਸੇ ਮਿਆਦ ਲਈ ਹੈਦਰਾਬਾਦ-ਦਿੱਲੀ, ਚੇਨਈ-ਦਿੱਲੀ ਅਤੇ ਮੁੰਬਈ-ਬੈਂਗਲੁਰੂ ਰੂਟਾਂ ‘ਤੇ ਉਡਾਣਾਂ ਲਈ ਇਕ ਤਰਫਾ ਟਿਕਟਾਂ ਦੀ ਕੀਮਤ ਕ੍ਰਮਵਾਰ 8,253 ਰੁਪਏ, 9,767 ਰੁਪਏ ਅਤੇ 6,469 ਰੁਪਏ ਹੈ। ਇਹ ਕਿਰਾਇਆ ਇੱਕ ਸਾਲ ਪਹਿਲਾਂ ਦੇ ਕਿਰਾਏ ਨਾਲੋਂ ਕ੍ਰਮਵਾਰ 60%, 64% ਅਤੇ 44% ਵੱਧ ਹੈ। ਕੋਲਕਾਤਾ-ਦਿੱਲੀ ਦਾ ਕਿਰਾਇਆ 43 ਫੀਸਦੀ ਅਤੇ ਦਿੱਲੀ-ਬੈਂਗਲੁਰੂ ਦਾ ਕਿਰਾਇਆ 36 ਫੀਸਦੀ ਵਧਿਆ ਹੈ।
ਜਾਣਕਾਰੀ ਅਨੁਸਾਰ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧੇ ਕਾਰਨ ਹਵਾਈ ਕਿਰਾਏ ਵਧੇ ਹਨ।
ਦੱਸ ਦਈਏ ਕਿ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਸਰਕਾਰੀ ਤੇਲ ਕੰਪਨੀਆਂ ਨੇ ਹਵਾਈ ਜਹਾਜ਼ ਈਂਧਨ (ਏ.ਟੀ.ਐੱਫ.) ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਪਿਛਲੇ ਹਫ਼ਤੇ ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਇਤਿਹਾਸਕ ਉਛਾਲ ਆਇਆ ਸੀ ਅਤੇ ਪੈਟਰੋਲੀਅਮ ਕੰਪਨੀਆਂ ਨੇ ਏਟੀਐਫ ਦੀਆਂ ਕੀਮਤਾਂ ਵਿੱਚ 17,135.63 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਕੀਤਾ ਸੀ। ਦਿੱਲੀ ‘ਚ ATF 18.3 ਫੀਸਦੀ ਮਹਿੰਗਾ ਹੋ ਗਿਆ ਹੈ ਅਤੇ ਨਵੀਂ ਕੀਮਤ 1,10,666 ਰੁਪਏ ਪ੍ਰਤੀ ਕਿਲੋਲੀਟਰ ਹੈ।