ਚੰਡੀਗੜ੍ਹ : ਪਿਛਲੇ ਦਿਨੀਂ ਮੁੱਖ ਮੰਤਰੀ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਦੇ ਸਿੱਖਿਆ ਢਾਂਚੇ ਬਾਰੇ ਸੋਸ਼ਲ ਮੀਡੀਆ ਤੇ ਲਾਈਵ ਗੱਲਬਾਤ ਕੀਤੀ। ਜਿਸ ਵਿਚ ਕਾਂਗਰਸ ਸਰਕਾਰ ਦੀਆਂ ਸਿੱਖਿਆ ਦੇ ਖੇਤਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਸੀ। ਭਾਰਤ ਸਰਕਾਰ ਵੱਲੋਂ ਕਰਵਾਏ ਇਕ ਸਰਵੇ (ਪੀ ਜੀ ਆਈ) ਵਿੱਚ ਪੰਜਾਬ ਨੂੰ ਪਹਿਲੇ ਸਥਾਨ ਵਾਲੀ ਸੂਚੀ ਵਿੱਚ ਦਿਖਾਇਆ ਗਿਆ ਸੀ। ਪਰ ਇਸ ਨੂੰ ਅੰਕੜਿਆਂ ਦੀ ਖੇਡ ਦੱਸਦੇ ਹੋਏ ਸਰਕਾਰੀ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਸਮੇਤ ਬੇਰੁਜ਼ਗਾਰ ਅਧਿਆਪਕਾਂ ਨੇ ਸੋਸ਼ਲ ਮੀਡੀਆ ਦੀ ਜੰਗ ਵਿੱਚ ਮੁੱਖ ਮੰਤਰੀ ਨੂੰ ਪਛਾੜ ਸੁੱਟਿਆ ਸੀ। ਸਿੱਖਿਆ ਮੰਤਰੀ ਵੱਲੋਂ ਮੁੜ ਆਪਣੀਆਂ ਪ੍ਰਾਪਤੀਆਂ ਗਿਣਾਉਣ ਲਈ ਕੱਲ੍ਹ ਇੱਕ ਪ੍ਰਾਈਵੇਟ ਚੈੱਨਲ ਨਾਲ ਗੱਲਬਾਤ ਕੀਤੀ ਗਈ ਤਾਂ ਪੰਜਾਬ ਦੇ ਅਧਿਆਪਕਾਂ ਨੇ ਪਸੰਦ ਦੇ ਮੁਕਾਬਲੇ ਨਾ ਪਸੰਦ ਦਾ ਅੰਕੜਾ ਦੁਬਾਰਾ ਫੇਰ ਵਧਾ ਦਿੱਤਾ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿਚ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਫਰਜ਼ੀ ਅੰਕੜਿਆਂ ਦੀ ਖੇਡ ਨੂੰ ਸਰਕਾਰੀ ਪ੍ਰਾਪਤੀ ਬਣਾ ਕੇ ਪੇਸ਼ ਕਰਨਾ ਪੰਜਾਬ ਦੇ ਅਧਿਆਪਕਾਂ ਨੂੰ ਹਰਗਿਜ਼ ਪ੍ਰਵਾਨ ਨਹੀਂ ਹੈ। ਜਿਸ ਨੂੰ ਅੱਜ ਸ਼ੋਸ਼ਲ ਮੀਡੀਆ ਤੇ ਸਿੱਖਿਆ ਵਿਭਾਗ ਦੀ ਕੀਤੀ ਕਾਇਆ ਕਲਪ ਦਾ ਗੁਣਗਾਣ ਕਰ ਰਹੇ ਸਿੱਖਿਆ ਮੰਤਰੀ ਨੂੰ ਅਧਿਆਪਕ ਵਰਗ ਨੇ ਡਿਸਲਾਈਕਾਂ ਨਾਲ ਭਾਰੀ ਰੋਸ਼ ਦਰਜ਼ ਕਰਵਾ ਕੇ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਸਿੱਖਿਆ ਸਕੱਤਰ ਵੱਲੋਂ ਨਕਲੀ ਅੰਕੜਿਆਂ ਦੇ ਪਰਦੇ ਹੇਠ ਝੂਠ ਦੇ ਪੁਲੰਦੇ ‘ਮਿਸ਼ਨ ਸ਼ਤ-ਪ੍ਰਤੀਸ਼ਤ’ ਰਾਹੀਂ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਲਿਆਂਦੇ ਨਿਘਾਰ ਨੂੰ ਛੁਪਾ ਕੇ ‘ਸਭ ਅੱਛਾ ਹੈ’ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਦੇ ਉਲਟ ਪਿਛਲੇ ਸਮੇਂ ਵਿੱਚ ਸਕੂਲਾਂ ਦੀ ਆਕਾਰ ਘਟਾਈ ਕਰਦੇ ਹੋਏ ਜਿੱਥੇ ਨਾ ਮਾਤਰ ਭਰਤੀਆਂ ਕਰਨ ਸਮੇਤ ਸਕੂਲਾਂ ਵਿਚਲੀਆਂ ਅਸਾਮੀਆਂ ਦੀ ਰੈਸ਼ਨਲਾਈਜੇਸ਼ਨ ਦੇ ਨਾਂ ਹੇਠ ਵੱਡੀ ਪੱਧਰ ‘ਤੇ ਛਾਂਟੀ ਕੀਤੀ ਗਈ ਹੈ, ਉਥੇ ਦਿਖਾਵੀ ਸਵੈ-ਇੱਛਾ ਤਹਿਤ ਸੇਵਾਮੁਕਤ ਅਧਿਆਪਕਾਂ ਨੂੰ ਸਕੂਲਾਂ ਵਿੱਚ ਮੁੜ ਲਿਆਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।