ਹੁਸ਼ਿਆਰਪੁਰ ਦੀ ਐੱਸ. ਐੱਸ. ਪੀ. ਵੱਲੋਂ ਮਹਿਲਾ ਪੁਲਿਸ ਮੁਲਾਜ਼ਮਾਂ ਲਈ ਹੇਅਰ ਸਟਾਈਲ ਸੰਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਦਿੱਤੀ ਹੈ ਕਿ ਵੱਖ-ਵੱਖ ਹੇਅਰ ਸਟਾਈਲ ਬਣਾ ਕੇ ਡਿਊਟੀ ’ਤੇ ਨਾ ਆਉਣ ਸਗੋਂ ਰਵਾਇਤੀ ਜੂੜਾ ਕਰਕੇ ਹੀ ਡਿਊਟੀ ’ਤੇ ਆਉਣ, ਜੋ ਕਿ ਪੁਲਿਸ ਵਰਦੀ ਦਾ ਇੱਕ ਹਿੱਸਾ ਵੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ।
ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਇਕ ਹਫ਼ਤਾ ਪਹਿਲਾਂ ਹੀ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਵਜੋਂ ਅਹੁਦਾ ਸੰਭਾਲਿਆ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਇਹ ਹਦਾਇਤ ਇਸ ਲਈ ਜਾਰੀ ਕੀਤੀ ਹੈ ਕਿਉਂਕਿ ਜਦੋਂ ਉਨ੍ਹਾਂ ਨੇ ਡਿਊਟੀ ਸੰਭਾਲੀ ਸੀ ਤਾਂ ਉਸ ਸਮੇਂ ਇਹ ਵੇਖਿਆ ਕਿ ਮਹਿਲਾ ਮੁਲਾਜ਼ਮਾਂ ਵੱਖ-ਵੱਖ ਹੇਅਰ ਸਟਾਈਲ ਬਣਾ ਕੇ ਡਿਊਟੀ ’ਤੇ ਆਈਆਂ ਸਨ।
ਇਹ ਹੁਕਮ ਜਾਰੀ ਕਰਨ ਦੇ ਬਾਅਦ ਉਨ੍ਹਾਂ ਨੂੰ ਆਸ ਹੈ ਕਿ ਸਾਰੀਆਂ ਮਹਿਲਾ ਮੁਲਾਜ਼ਮ ਇਸ ਹੁਕਮ ਦੀ ਪਾਲਣਾ ਜ਼ਰੂਰ ਕਰਨਗੀਆਂ। ਡਿਊਟੀ ਸਮਾਂ ਸਿਰਫ਼ ਤੈਅ ਕੀਤੇ ਗਏ ਅਤੇ ਸਿਖ਼ਲਾਈ ਦੌਰਾਨ ਦੱਸੇ ਗਏ ਨਿਯਮਾਂ ਅਨੁਸਾਰ ਹੀ ਸਿਰ ਦੇ ਵਾਲਾਂ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ।